ਸਰਬੰਸ ਦਾਨੀ, ਦਸਮ ਪਾਤਸ਼ਾਹ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਦੇ ਹਨ, ਸਿੱਖ ਇਤਿਹਾਸ ਦੇ ਦੋ ਖੂਨੀ ਸਾਕੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹੰਦ ਰਹਿੰਦੀ ਦੁਨੀਆ ਤੱਕ ਇਸ ਗੱਲ ਦੀ ਗਵਾਈ ਭਰਦੇ ਰਹਿਣਗੇ ਕਿ ਨਿੱਕੀ ਉਮਰੇ ਇਨ੍ਹਾਂ ਬੱਚਿਆਂ ਨੇ ਧਰਮ ਦੀ ਖਾਤਰ ਕਿਵੇਂ ਮਹਾਨ ਸ਼ਹਾਦਤਾਂ ਦਿੱਤੀਆਂ | ਦਸਮ ਪਾਤਸਾਹ ਦੇ ਚਾਰ ਸਾਹਿਬਜਾਦਿਆਂ ‘ਚੋਂ ਦੂਜੇ ਸਾਹਬਿਜ਼ਾਦੇ ਬਾਬਾ ਜੁਝਾਰ ਸਿੰਘ ਜੀ ਦਾ ਨਾਨਕਸ਼ਾਹੀ ਕਲੰਡਰ ਮੁਤਾਬਕ ਅੱਜ ਜਨਮ ਦਿਹਾੜਾ ਹੈ |
ਸਾਹਿਬਜ਼ਾਦਾ ਜੁਝਾਰ ਸਿੰਘ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜ਼ਾਦਾ ਜੁਝਾਰ ਸਿੰਘ ਵੀ ਘੋੜ-ਸਵਾਰੀ, ਸ਼ਸਤਰ-ਵਿਦਿਆ, ਤੀਰ ਅੰਦਾਜੀ ਵਿੱਚ ਨਿਪੁੰਨ ਸਨ। ਗੁਰੂ ਪਿਤਾ ਵੱਲੋਂ ਆਪਣੇ ਫ਼ਰਜ਼ੰਦ ਨੂੰ ਫੌਜੀ ਮੁਹਿੰਮਾ ਦਾ ਹਿੱਸੇਦਾਰ ਬਣਨ ਲਈ ਵੀ ਹਮੇਸ਼ਾ ਭੇਜਿਆ ਜਾਂਦਾ ਸੀ।
ਚਮਕੌਰ ਦੀ ਕੱਚੀ ਗੜ੍ਹੀ ‘ਚ ਸਾਹਿਬਜ਼ਾਦਾ ਜੁਝਾਰ ਸਿੰਘ
ਜਦੋਂ ਚਮਕੌਰ ਦੀ ਕੱਚੀ ਗੜ੍ਹੀ ‘ਚੋਂ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਆਪਣੇ ਵੱਡੇ ਵੀਰ ਅਜੀਤ ਸਿੰਘ ਨੂੰ ਮੈਦਾਨ-ਏ-ਜੰਗ ‘ਚ ਦੁਸ਼ਮਣ ਦਲ ਨਾਲ ਲੋਹਾ ਲੈਂਦੇ ਵੇਖਿਆ ਤਾਂ ਬਾਬਾ ਜੁਝਾਰ ਸਿੰਘ ਜੀ ਦਾ ਖ਼ੂਨ ਵੀ ਉਬਾਲੇ ਖਾਣ ਲੱਗ ਪਿਆ। ਮੈਦਾਨੇ ਜੰਗ ‘ਚ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹਾਦਤ ਪਾ ਗਏ ਤਾਂ ਬਾਬਾ ਜੁਝਾਰ ਸਿੰਘ ਜੀ ਨੇ ਗੁਰੂ ਪਿਤਾ ਕੋਲ ਆ ਕੇ ਬੇਨਤੀ ਕੀਤੀ ਕਿ ‘ਪਿਤਾ ਜੀ ! ਮੈਨੂੰ ਵੀ ਆਗਿਆ ਬਖ਼ਸ਼ੋ ਤਾਂ ਜੋ ਮੈਂ ਵੀ ਵੀਰ ਅਜੀਤ ਸਿੰਘ ਵਾਂਗ ਦੁਸ਼ਮਣ ਦੇ ਨਾਲ ਦੋ ਹੱਥ ਕਰ ਸਕਾਂ। ਦੇਖਿਉ ਮੈਂ ਦੁਸ਼ਮਣਾਂ ਦੇ ਦੰਦ ਕਿਵੇਂ ਖੱਟੇ ਕਰਦਾ ਹਾਂ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੀ ਸ਼ਹਾਦਤ
ਪੁੱਤਰ ਦੇ ਜੰਗੀ-ਜੋਸ਼ ਨੂੰ ਵੇਖ ਕੇ ਗੁਰੂ ਸਾਹਿਬ ਨੇ ਤੇਜ਼ ਤਲਵਾਰ, ਢਾਲ ਅਤੇ ਕਲਗੀ ਸਜਾ ਕੇ ਸਾਹਿਬਜਾਦਾ ਜੁਝਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ‘ਚ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਭਾਈ ਮੋਹਰ ਸਿੰਘ ਅਤੇ ਭਾਈ ਲਾਲ ਸਿੰਘ ਜੀ ਨਾਲ ਜੱਥੇ ਦੇ ਰੂਪ ‘ਚ ਗੜ੍ਹੀ ਤੋਂ ਬਾਹਰ ਭੇਜ ਦਿੱਤਾ।ਬਾਬਾ ਜੁਝਾਰ ਸਿੰਘ ਜੀ ਦੀ ਸੂਰਮਤਾਈ ਨੂੰ ਵੇਖ ਕੇ ਵੈਰੀ ਦੰਗ ਰਹਿ ਗਏ। ਮਹਿਜ਼ 14 ਸਾਲਾਂ ਦੀ ਕੱਚੀ ਉਮਰ ‘ਚ ਵੱਡੇ-ਵੱਡੇ ਜਰਨੈਲਾਂ ’ਤੇ ਭਾਰੀ ਪੈਂਦੇ ਹੋਏ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦੀ ਪਾ ਗਏ।