ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਕੰਕਣ ਕਵੀ ਅਨੁਸਾਰ ਭਾਈ ਜੈਤਾ ਜੀ ਦਾ ਜਨਮ 5 ਸਤੰਬਰ 1661 ਨੂੰ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੋਇਆ
ਵਿਦਵਾਨਾਂ ਦਾ ਕਥਨ ਹੈ ਕਿ ਕਿਸੇ ਯੋਧੇ ਦੀ ਬਹਾਦਰੀ ਨੂੰ ਸਿਰਫ ਇਸ ਪੈਮਾਨੇ ਨਾਲ ਹੀ ਨਹੀਂ ਨਾਪਿਆ ਜਾਣਾ ਚਾਹੀਦਾ ਕਿ ਉਸ ਨੇ ਕਿੰਨੀ ਲੰਮੀ ਮੰਜ਼ਿਲ ਤੈਅ ਕੀਤੀ ਬਲਕਿ ਇਹ ਵੇਖਣਾ ਵੀ ਜ਼ਰੂਰੀ ਹੁੰਦਾ ਹੈ ਕਿ ਉਸ ਨੇ ਇਹ ਮੰਜ਼ਿਲ ਸਰ ਕਰਨ ਲਈ ਕਿੰਨੀਆਂ ਰੁਕਵਾਟਾਂ ਪਾਰ ਕੀਤੀਆਂ। ਸਿੱਖ ਇਤਿਹਾਸ ਦੇ ਮਹਾਨ ਯੋਧੇ, ਫੌਜਾਂ ਦੇ ਜਰਨੈਲ ਤੇ ਗੁਰੂ ਘਰ ਦੇ ਸੇਵਕ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਗੌਰਵਮਈ ਇਤਿਹਾਸ ’ਤੇ ਇਹ ਤੱਥ ਬਿਲਕੁਲ ਸਹੀ ਢੁੱਕਦੇ ਹਨ।
ਭਾਈ ਜੈਤਾ ਜੀ ਦੇ ਬਜ਼ੁਰਗ ਭਾਈ ਕਲਿਆਣਾ ਜੀ ਵੱਲੋਂ ਬਾਬਾ ਬੁੱਢਾ ਜੀ ਦੇ ਸਮਕਾਲੀ ਵਜੋਂ ਸ਼ੁਰੂ ਕੀਤੀ ਗਈ ਸੇਵਾ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੋਈ 1704 ਤੱਕ ਉਨ੍ਹਾਂ ਦੀ ਸ਼ਹਾਦਤ ਤੱਕ ਬੇਦਾਗ ਨਿਭੀ। ਇਹ ਅਰਸਾ 235-236 ਸਾਲ ਬਣਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ 52 ਦਰਬਾਰੀ ਕਵੀਆਂ ਵਿੱਚੋਂ ਇੱਕ ਕੰਕਣ ਕਵੀ ਅਨੁਸਾਰ ਭਾਈ ਜੈਤਾ ਜੀ ਦਾ ਜਨਮ 5 ਸਤੰਬਰ 1661 ਨੂੰ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਦੇ ਘਰ ਹੋਇਆ। ਉਸ ਸਮੇਂ ਇਹ ਪਰਿਵਾਰ ਗੁਰੂ ਤੇਗ ਬਹਾਦਰ ਦੇ ਪਰਿਵਾਰ ਨਾਲ ਹੀ ਪਟਨਾ ਵਿੱਚ ਰਹਿੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਉਪਰੰਤ ਜਦੋਂ ਗੁਰੂ ਪਰਿਵਾਰ ਪਟਨਾ ਤੋਂ ਅਨੰਦਪੁਰ ਸਾਹਿਬ ਆ ਵਸਿਆ ਤਾਂ ਜੈਤਾ ਜੀ ਦਾ ਪਰਿਵਾਰ ਵੀ ਨਾਲ ਹੀ ਆ ਗਿਆ। ਇੱਥੇ ਅੱਜ ਗੁਰੁਦੁਆਰਾ ਤਪ ਅਸਥਾਨ ਸ਼ਹੀਦ ਬਾਬਾ ਜੀਵਨ ਸਿੰਘ ਮੌਜੂਦ ਹੈ, ਜਿੱਥੇ ਕਈ ਪੁਰਾਤਨ ਨਿਸ਼ਾਨੀਆਂ ਉਸੇ ਰੂਪ ਵਿੱਚ ਮੌਜੂਦ ਹਨ।
ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸਨ ਤਾਂ ਜੈਤਾ ਜੀ ਨੇ ਹੀ ਬਾਲ ਗੋਬਿੰਦ ਰਾਏ ਨੂੰ ਆ ਕੇ ਦੱਸਿਆ ਸੀ ਕਿ ਨੌਵੇਂ ਗੁਰੂ ਦੀ ਸ਼ਹੀਦੀ ਹੋਣੀ ਅਟੱਲ ਹੈ। ਜਦੋਂ ਬਾਲ ਗੋਬਿੰਦ ਰਾਏ ਨੇ ਕਿਹਾ ਕਿ ਕੋਈ ਐਸਾ ਯੋਧਾ ਨਿੱਤਰੇ ਜਿਹੜਾ ਗੁਰੂ ਪਿਤਾ ਦਾ ਸੀਸ ਲੈ ਕੇ ਆਵੇ ਤਾਂ ਭਾਈ ਜੈਤਾ ਨੇ ਇਹ ਸੇਵਾ ਪਰਵਾਨ ਕੀਤੀ। ਇਸ ਬਾਰੇ ਕਵੀ ਕੰਕਣ ਜੀ ਲਿਖਦੇ ਹਨ:
ਹੋਵੇ ਐਸਾ ਸਿੱਖ ਮਮ ਸਤਿਗੁਰ ਕਹਯਾ ਸੋਣਾਇ,
ਸੀਸ ਹਮਾਰੋ ਪਿਤਾ ਕਾ ਤਹਤੇ ਲਿਆਵੇ ਜਾਏ।
ਔਰ ਸਭੈ ਚੁਪ ਕਰ ਰਹੇ ਮਜ੍ਹਬੀ ਉਠਿਓ ਰ੍ਹੋਏ,
ਮੈਂ ਹੂੰ ਉਦਮ ਕਰੂੰਗਾ ਹੋਣੀ ਹੋਏ ਸੋ ਹੋਏ।
ਇਸ ਤਹਿਤ ਦਿੱਲੀ ਵਿੱਚ ਰਹਿੰਦੇ ਭਾਈ ਜੈਤਾ ਜੀ ਦੇ ਤਾਇਆ ਆਗਿਆ ਰਾਮ ਅਤੇ ਪਿਤਾ ਸੰਦਾ ਨੰਦ ਨਾਲ ਕੀਤੇ ਸਲਾਹ ਮਸ਼ਵਰੇ ਅਨੁਸਾਰ ਅਤੇ ਦਿੱਲੀ ਚਾਂਦਨੀ ਚੌਕ ਦੇ ਕੋਤਵਾਲ ਖਵਾਜਾ ਅਬਦੁੱਲਾ ਨਾਲ ਕੀਤੀ ਗੁਪਤ ਵਿਉਂਤਬੰਦੀ ਅਨੁਸਾਰ ਸੀਸ ਬਦਲੇ ਸੀਸ ਰੱਖਣ ਦਾ ਮਤਾ ਪਾਸ ਕੀਤਾ ਗਿਆ। ਫਿਰ ਇਸੇ ਰਾਤ ਹੀ ਪਿਤਾ ਸਦਾਨੰਦ ਜੀ ਦੀ ਇੱਛਾ ਅਨੁਸਾਰ ਉਨ੍ਹਾਂ ਦਾ ਸੀਸ ਭਾਈ ਜੈਤਾ ਜੀ ਨੇ ਆਪਣੇ ਹੱਥੀਂ ਕੱਟ ਕੇ ਅਤੇ ਗੁਰੂ ਸੀਸ ਨਾਲ ਬਦਲ ਕੇ ਆਪਣੇ ਸਾਥੀ ਸਿੱਖਾਂ ਦੀ ਸਹਾਇਤਾ ਨਾਲ ਸੀਸ ਚੁੱਕ ਲਿਆ ਅਤੇ ਬੜੀ ਬਹਾਦਰੀ ਤੇ ਨਿਪੁੰਨ ਵਿਉਂਤਬੰਦੀ ਨਾਲ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰਦਿਆਂ ਉਹ 15 ਨਵੰਬਰ ਨੂੰ ਗੁਰੂ ਸੀਸ ਲੈ ਕੇ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਪਹੁੰਚੇ। ਉਨ੍ਹਾਂ ਦੀ ਯੋਗਤਾ ਅਤੇ ਬਹਾਦਰੀ ਦੇਖਦਿਆਂ ਦਸਵੇਂ ਗੁਰੂ ਨੇ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਸ਼ਬਦਾਂ ਨਾਲ ਨਿਵਾਜਿਆ ਅਤੇ ਫੌਜਾਂ ਦੇ ਮੁੱਖ ਜਰਨੈਲ ਬਣਾ ਕੇ ਉਨ੍ਹਾਂ ਦੀ ਰਿਹਾਇਸ਼ ਅਨੰਦਗੜ੍ਹ ਕਿਲ੍ਹੇ ਵਿੱਚ ਆਪਣੇ ਨੇੜੇ ਹੀ ਰੱਖੀ ਸੀ। ਫਿਰ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਜੀ ਨੇ ਉਨ੍ਹਾਂ ਨੂੰ ਆਪਣੇ 4 ਸਾਹਿਬਜ਼ਾਦਿਆਂ ਦੇ ਨਾਲ ਹੀ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਜੈਤਾ ਤੋਂ ਜੀਵਨ ਸਿੰਘ ਰੱਖਿਆ ਸੀ।
ਭਾਈ ਜੀਵਨ ਸਿੰਘ ਯੁੱਧ ਨੀਤੀ ਵਿੱਚ ਨਿਪੁੰਨ ਸਨ। ਮਹਾਨ ਵਿਦਵਾਨ ਵਜੋਂ ਉਨ੍ਹਾਂ ਨੇ ਇੱਕ ਗ੍ਰੰਥ ‘ਸ੍ਰੀ ਗੁਰੂ ਕਥਾ’ ਦੀ ਰਚਨਾ ਕੀਤੀ, ਜਿਸ ਵਿੱਚ ਉਨ੍ਹਾਂ ਦਸਵੇਂ ਗੁਰੂ ਨਾਲ ਬਿਤਾਏ ਸਮੇਂ ਬਾਰੇ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਜਦੋਂ ਮੁਗਲ ਫ਼ੌਜਾਂ ਨੇ ਆਨੰਦਗੜ੍ਹ ਕਿਲ੍ਹੇ ਨੂੰ ਕਰੀਬ 9 ਮਹੀਨੇ ਘੇਰਾ ਪਾਈ ਰੱਖਿਆ ਅਤੇ ਬਾਹਰੋਂ ਰਾਸ਼ਨ ਆਦਿ ਬੰਦ ਹੋਣ ਕਾਰਨ ਭੁੱਖ ਨਾ ਸਹਾਰਦੇ ਹੋਏ ਮਾਝੇ ਦੇ 40 ਸਿੱਖ ਮਹਾਂ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਛੱਡ ਗਏ ਸਨ ਤਾਂ ਬਾਬਾ ਜੀਵਨ ਸਿੰਘ ਪਰਿਵਾਰ ਸਮੇਤ ਉੱਥੇ ਹੀ ਗੁਰੂ ਜੀ ਦੇ ਨਾਲ ਡਟੇ ਰਹੇ।
ਬਾਬਾ ਜੀਵਨ ਸਿੰਘ ਨੇ ਗੁਰੂ ਜੀ ਦੇ ਨਾਲ ਰਹਿ ਕੇ 14 ਜੰਗਾਂ ਲੜੀਆਂ। ਉਨ੍ਹਾਂ ਦੀ ਬਹਾਦਰੀ ਅਤੇ ਰਣਨੀਤੀ ਨੂੰ ਵੇਖਦੇ ਹੋਏ 22 ਦਸੰਬਰ ਦੀ ਰਾਤ ਨੂੰ ਗੁਰੂ ਜੀ ਆਪਣੀ ਕਲਗੀ ਤੇ ਪੋਸ਼ਾਕਾ ਸੌਂਪ ਕੇ ਅਤੇ ਗੜ੍ਹੀ ਛੱਡ ਕੇ ਚਲੇ ਗਏ ਸਨ। ਬਾਬਾ ਜੀ ਰਾਤ ਨੂੰ ਦੋਵੇਂ ਬੰਦੂਕਾਂ ਚਲਾਉਂਦੇ ਰਹੇ ਤਾਂ ਕਿ ਦੁਸ਼ਮਣ ਨੂੰ ਭੁਲੇਖਾ ਰਹੇ ਕਿ ਗੁਰੂ ਜੀ ਗੜ੍ਹੀ ਦੇ ਅੰਦਰ ਹੀ ਹਨ । ਅੰਤ 23 ਦਸੰਬਰ ਸਵੇਰੇ ਗੋਲੀ ਸਿੱਕਾ ਖਤਮ ਹੋਣ ’ਤੇ ਬਾਹਰ ਆ ਕੇ ਉਹ ਦੁਸ਼ਮਣਾਂ ਨਾਲ ਜੂੁਝਦੇ ਹੋਏ ਸ਼ਹੀਦ ਹੋ ਗਏ। ਦੁਸ਼ਮਣ ਫੌਜਾਂ ਨੇ ਉਨ੍ਹਾਂ ਦਾ ਸੀਸ ਇਸ ਭੁਲੇਖੇ ਤੇ ਖੁਸ਼ੀ ਵਿੱਚ ਚੁੱਕ ਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਪਰ ਬਾਅਦ ਵਿੱਚ ਦਿੱਲੀ ’ਚ ਪਛਾਣ ਹੋਣ ’ਤੇ ਅਸਲ ਤੱਥ ਪਤਾ ਲੱਗਾ, ਜਿਸ ਬਾਰੇ ਭਾਈ ਸੁੱਖਾ ਸਿੰਘ ਇਤਿਹਾਸਕਾਰ ਲਿਖਦੇ ਹਨ:
ਸੀਸ ਨਿਹਾਰ ਬੰਗੇਸਰ ਕੋ
ਇਮ ਬੋਲਤ ਹੈ ਸਭ ਹੀ ਨਰ ਨਾਰੀ।
ਏਕ ਕਹੈ ਕਰੁਨਾ ਨਿਧਕੌ
ਇਕ ਭਾਖਤ ਹੈ ਇਹ ਖੇਲ ਅਪਾਰੀ।
ਕੰਕਣ ਕਵੀ ਇਸ ਨੂੰ ਇੰਝ ਬਿਆਨ ਕਰਦੇ ਹਨ :
ਵਜੀਦਾ ਅਤਿ ਪ੍ਰਸੰਨ ਭਯੋ ਲੀਉ ਮਾਰ ਗੋਬਿੰਦ।
ਦਿੱਲੀ ਧਾਇਉ ਸੀਸ ਲੈ ਖਸ਼ੀ ਕਰਨ ਨਾਰਿੰਦ।