ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਜਿਸ ਸਮੇਂ ਆਪ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਨ੍ਹਾਂ ਦੇ ਵਜ਼ੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਨੋਚ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਫੋਕਟ ਕਰਮ-ਕਾਂਡਾਂ ਦਾ ਬੋਲਬਾਲਾ ਸੀ। ਉੱਚ-ਨੀਚ ਤੇ ਛੂਤ-ਛਾਤ ਦਾ ਜ਼ਹਿਰ ਬੁਰੀ ਤਰ੍ਹਾਂ ਫੈਲਿਆ ਹੋਇਆ ਸੀ।
ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ: ਨੂੰ ਰਾਇ-ਭੋਇ ਦੀ ਤਲਵੰਡੀ ਵਿਚ ਹੋਇਆ, ਜੋ ਮੌਜੂਦਾ ਸਮੇਂ ਪਾਕਿਸਤਾਨ ਵਿਚ ਹੈ, ਇਸ ਥਾਂ ਨੂੰ ਅੱਜ–ਕੱਲ੍ਹ ਨਨਕਾਣਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਆਪ ਦੇ ਪਿਤਾ ਦਾ ਨਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਦੇਵੀ ਸੀ। ਆਪ ਦੀ ਵੱਡੀ ਭੈਣ ਦਾ ਨਾਂ ਬੇਬੇ ਨਾਨਕੀ ਸੀ। ਆਪ ਜੀ ਬਚਪਨ ਤੋਂ ਹੀ ਆਪ ਗੰਭੀਰ ਸੁਭਾਅ ਦੇ ਸਨ।
ਆਪ ਨੂੰ ਪਾਂਧੇ ਪਾਸ ਪੜ੍ਹਨ ਭੇਜਿਆ ਤਾਂ ਆਪ ਨੇ ਪਾਂਧੇ ਨੂੰ ਹੀ ਆਪਣੀ ਸੂਝ-ਬੂਝ ਨਾਲ ਹੈਰਾਨ ਕਰ ਦਿੱਤਾ। ਜਦੋਂ ਆਪ ਨੂੰ ਜਨੇਊ ਪਹਿਨਣ ਲਈ ਕਿਹਾ ਗਿਆ ਤਾਂ ਇਸ ਨੂੰ ਆਪ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ। ਆਪ ਦੇ ਪਿਤਾ ਨੇ ਆਪ ਨੂੰ ਪਸ਼ੂ ਚਾਰਨ ਭੇਜਿਆ ਤਾਂ ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਤੇ ਪਸ਼ੂ ਲੋਕਾਂ ਦੇ ਖੇਤਾਂ ਵਿਚ ਜਾ ਵੜਦੇ ਅਤੇ ਲੋਕ ਆਪ ਦੇ ਪਿਤਾ ਨੂੰ ਆ–ਆ ਕੇ ਉਲਾਂਭੇ ਦਿੰਦੇ ਰਹਿੰਦੇ।
ਆਪ ਦੇ ਪਿਤਾ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਇਕ ਚੰਗਾ ਵਪਾਰੀ ਬਣੇ। ਉਨ੍ਹਾਂ ਨੇ ਵਪਾਰ ਕਰਨ ਲਈ ਆਪ ਨੂੰ 20 ਰੁਪਏ ਦਿੱਤੇ ਪਰ ਆਪ ਜੀ ਨੇ ਉਨ੍ਹਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰ ਕੇ ਆਏ ਹਨ। ਇਸ ਤੇ ਆਪ ਦੇ ਪਿਤਾ ਜੀ ਬਹੁਤ ਨਾਰਾਜ਼ ਹੋਏ ਅਤੇ ਆਪ ਨੂੰ ਆਪ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ ਗਿਆ। ਆਪ ਦੇ ਜੀਜੇ ਜੈ ਰਾਮ ਨੇ ਨਵਾਬ ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਆਪ ਨੂੰ ਨੌਕਰੀ ‘ਤੇ ਲਵਾ ਦਿੱਤਾ। ਇੱਥੇ ਆਪ ਨੇ ਦਿਲ ਖੋਲ੍ਹ ਕੇ ਲੋਕਾਂ ਨੂੰ ਰਾਸ਼ਨ ਦਿੱਤਾ। ਆਪ ਜੀ ਆਪਣੀ ਕਮਾਈ ਦਾ ਵੀ ਕਾਫ਼ੀ ਹਿੱਸਾ ਲੋਕਾਂ ਵਿਚ ਵੰਡ ਦਿੰਦੇ ਸਨ। ਇੱਥੇ ਰਹਿੰਦੇ ਹੋਏ ਹੀ ਆਪ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਜਿਥੇ ਅੱਜ–ਕੱਲ੍ਹ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਇਹ ਉਹ ਇਤਿਹਾਸਿਕ ਕੰਧ ਹੈ ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੁਝ ਕੁੜੀਆਂ ਨੇ ਮਜ਼ਾਕ ਕਰਨ ਦੇ ਇਰਾਦੇ ਨਾਲ ਬੈਠਾ ਦਿੱਤਾ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਗੁਰੂ ਜੀ ਇੱਥੋਂ ਉੱਠ ਜਾਉ ਕੰਧ ਡਿੱਗਣ ਵਾਲੀ ਹੈ ਤਾਂ ਗੁਰੂ ਜੀ ਨੇ ਫਰਮਾਇਆ ਕਿ ਮਾਤਾ ਜੀ ਤੁਸੀਂ ਫ਼ਿਕਰ ਨਾ ਕਰੋ ਇਹ ਕੰਧ ਯੁੱਗਾਂ ਤੱਕ ਕਾਇਮ ਰਹੇਗੀ। ਇਸੇ ਦਿਨ ਨੂੰ ਸਦੀਵੀਂ ਯਾਦ ਰੱਖਣ ਲਈ ਸੰਗਤਾਂ ਹਰ ਸਾਲ ਜੁੜਦੀਆਂ ਹਨ ਤੇ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਰਾਤ ਬਟਾਲੇ ਪਹੁੰਚਦੀ ਹੈ। ਜਿਸ ਵਿਚ ਦੇਸ਼–ਵਿਦੇਸ਼ ਦੀਆਂ ਸੰਗਤਾਂ ਸ਼ਿਰਕਤ ਕਰਦੀਆਂ ਹਨ ਅਤੇ ਗੁਰਦੁਆਰਾ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਅਤੇ ਆਸ–ਪਾਸ ਦੇ ਇਲਾਕਿਆਂ ਵਿਚ ਲੰਗਰ ਦਾ ਪ੍ਰਬੰਧ ਵਿਸ਼ੇਸ਼ ਰੂਪ ਦੇ ਕੀਤਾ ਜਾਂਦਾ ਹੈ ਜੋ ਨਿਰੰਤਰ 24 ਘੰਟੇ ਵੱਖ–ਵੱਖ ਪਕਵਾਨਾ ਨਾਲਾ ਵਰਤਾਇਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਅੱਗੇ ਝਾਤੀ ਮਾਰੀਏ ਤਾਂ ਗੁਰੂ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਪੈਦਾ ਹੋਏ। ਆਪ ਇਕ ਦਿਨ ਵੇਈਂ ਵਿੱਚ ਇਸਨਾਨ ਕਰਨ ਗਏ ਅਲੋਪ ਹੋ ਗਏ ਉਸੇ ਵੇਈਂ ਨੂੰ ਹੀ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਨਵੀਨੀਕਰਨ ਕਰ ਕੇ ਵਾਤਾਵਰਨ ਨੂੰ ਸੰਭਾਲਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀ ਧਰੋਹਰ ਹਰ ਸੰਭਵ ਯਤਨ ਕਰ ਰਹੇ ਹਨ। ਇਹ ਉਹੀ ਵੇਈਂ ਹੈ ਜਿਥੇ ਤਿੰਨ ਦਿਨਾਂ ਮਗਰੋਂ ਰੱਬੀ ਹੁਕਮ ਅਨੁਭਵ ਕੀਤਾ। ਆਪ ਨੇ ਇਕੋ ਸ਼ਬਦ ਦਾ ਅਲਾਪ ਕੀਤਾ।
ਨਾ ਕੋਈ ਹਿੰਦੂ ਨਾ ਮੁਸਲਮਾਨ
ਇਸ ਤਰ੍ਹਾਂ ਆਪ ਨੇ ਮਾਨਵਤਾ ਦਾ ਨਾਅਰਾ ਲਾਇਆ ਅਤੇ ਇਕ ਨਵੇਂ ਧਰਮ ਦੀ ਸ਼ੁਰੂਆਤ ਕੀਤੀ। ਆਪ ਨੇ ਨੌਕਰੀ ਛੱਡ ਕੇ ਸੰਸਾਰ ਦਾ ਉਦਾਰ ਕਰਨ ਦਾ ਬੀੜਾ ਚੁੱਕਿਆ। ਆਪ ਨੇ ਚਾਰੇ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਨੇ ਛੂਤ-ਛਾਤ, ਵਹਿਮਾਂ-ਭਰਮਾਂ, ਥੋਥੇ ਕਰਮ-ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ। ਆਪ ਦੀ ਸਾਰੀ ਸਿੱਖਿਆ ਤਿੰਨ ਸਿਧਾਂਤਾਂ ‘ਤੇ ਅਧਾਰਿਤ ਹੈ।
ਉਹ ਹਨ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ। ਉਨ੍ਹਾਂ ਨੇ ਮੁਕਤੀ ਵਾਸਤੇ ਸਾਦੇ, ਅਮਲੀ ਅਤੇ ਗ੍ਰਹਿਸਥੀ ਜੀਵਨ ਨੂੰ ਹੀ ਸਹੀ ਦੱਸਿਆ ਹੈ। ਆਪ ਨੇ ਆਪਣੇ ਜੀਵਨ ਦੌਰਾਨ ਬਹੁਤ ਸਾਰੀ ਬਾਣੀ ਰਚੀ ਜੋ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਆਪ ਨੇ ਉਸ ਸਮੇਂ ਦੇ ਹਾਕਮਾਂ ਦੇ ਜੁਲਮਾਂ ਦਾ ਜੋਰਦਾਰ ਖੰਡਨ ਕੀਤਾ। ਅੰਤ ਆਪ 1539 ਈ: ਵਿੱਚ ਕਰਤਾਰਪੁਰ ਵਿਖੇ ਭਾਈ ਲਹਿਣਾ ਜੀ ਨੂੰ ਗੁਰ ਗੱਦੀ ਸੌਂਪ ਕੇ ਜੋਤੀ-ਜੋਤ ਸਮਾ ਗਏ।
ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ। ਆਪ ਜੀ ਦਾ ਪੰਜਾਬ ਦੇ ਇਤਿਹਾਸਕ, ਧਾਰਮਿਕ, ਸਮਾਜਿਕ ਤੇ ਸਾਹਿਤਕ ਖੇਤਰ ਵਿਚ ਉੱਘਾ ਸਥਾਨ ਹੈ। ਆਪ ਜੀ ਦਾ ਧਰਮ ਸਰਬ ਸਾਂਝਾ ਸੀ। ਆਪ ਜੀ ਨੂੰ ਹਿੰਦੂਆਂ ਦੇ ‘ਗੁਰੂ’ ਤੇ ‘ਮੁਸਲਮਾਨਾਂ ਦੇ ਪੀਰ’ ਕਿਹਾ ਜਾਂਦਾ ਹੈ।
‘ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥।