ਪੰਜਾਬ ‘ਚ ਖਿਡਾਰੀਆਂ ਨੂੰ ਬਿਨ੍ਹਾਂ ਕਿਸੇ ਟੈਸਟ ਦੇ ਸਰਕਾਰੀ ਨੌਕਰੀ ਮਿਲੇਗੀ।ਬਰਮਿੰਘਮ ‘ਚ ਚੱਲ ਰਹੇ ਕਾਮਨਵੈਲਥ ਗੇਮਸ ‘ਚ ਪੰਜਾਬੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਸਰਕਾਰ ਉਤਸ਼ਾਹਿਤ ਹੈ।ਸੀਐੱਮ ਮਾਨ ਨੇ ਵੀਰਵਾਰ ਨੂੰ ਚੰਡੀਗੜ੍ਹ ‘ਚ ਖੇਡ ਵਿਭਾਗ ਨਾਲ ਮੀਟਿੰਗ ਕੀਤੀ।ਇਸ ਤੋਂ ਬਾਅਦ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਕਿਹਾ ਕਿ ਜਲਦ ਪੰਜਾਬ ਦੀ ਖੇਡ ਪਾਲਿਸੀ ਲਿਆ ਰਹੇ ਹਨ।
ਜਿਨ੍ਹਾਂ ਸੂਬਿਆਂ ‘ਚ ਚੰਗੀ ਖੇਡ ਪਾਲਿਸੀ ਹੈ, ਉਸ ਨੂੰ ਵੀ ਸਟੱਡੀ ਕਰ ਰਹੇ ਹਨ।ਖਿਡਾਰੀ ਆਪਣਾ ਕੰਮ ਕਰ ਰਹੇ ਹਨ, ਹੁਣ ਸਰਕਾਰ ਦੀ ਡਿਊਟੀ ਹੈ ਕਿ ਉਨ੍ਹਾਂ ਦੀ ਸੁਵਿਧਾਵਾਂ ਦਾ ਖਿਆਲ ਰੱਖੇ।
ਗੋਲਡ ਮੈਡਲਿਸਟ ਨੂੰ ਮਿਲਣਗੇ 75 ਲੱਖ ਰੁਪਏ
ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਦੱਸਿਆ ਕਿ ਸੀਐੱਮ ਭਗਵੰਤ ਮਾਨ ਨਾਲ ਮੀਟਿੰਗ ‘ਚ ਤੈਅ ਹੋਇਆ ਹੈ ਕਿ ਜੋ ਵੀ ਖਿਡਾਰੀ ਕਾਮਨਵੈਲਥ ਗੇਮਸ ‘ਚ ਗੋਲਡ ਮੈਡਲ ਜਿੱਤੇਗਾ, ਉਸ ਨੂੰ 75 ਲੱਖ ਦਾ ਇਨਾਮ ਦੇਣਗੇ।ਸਿਲਵਰ ਮੈਡਲ ਜਿੱਤਣ ਵਾਲੇ ਨੂੰ 50 ਲੱਖ ਅਤੇ ਬ੍ਰਾਂਜ ਵਾਲੇ ਨੂੰ 40 ਲੱਖ ਦਾ ਕੈਸ਼ ਪ੍ਰਾਈਜ਼ ਦੇਣਗੇ।
ਸਰਕਾਰ ਨੇ ਨਾਭਾ ਦੇ ਮਹਿਸ ਪਿੰਡ ਦੀ ਹਰਜਿੰਦਰ ਕੌਰ ਦੀ ਖੂਬ ਤਾਰੀਫ ਕੀਤੀ।ਉਹ ਇੱਕ ਕਮਰੇ ਦੇ ਘਰ ‘ਚ ਰਹਿੰਦੀ ਹੈ।ਪਸ਼ੂਆਂ ਦਾ ਚਾਰਾ ਕੱਟਣ ਵਾਲੀ ਮਸ਼ੀਨ ਚਲਾਉਂਦੀ ਹੈ।ਇਸਦੇ ਬਾਵਜੂਦ ਵੇਟਲਿਫਟਿੰਗ ‘ਚ ਬ੍ਰਾਂਜ਼ ਮੈਡਲ ਜਿੱਤਿਆ।ਖੇਡ ਮੰਤਰੀ ਨੇ ਕਿਹਾ ਕਿ ਹਰਜਿੰਦਰ ਕੌਰ ਇੱਕ ਪ੍ਰੇਰਣਾਸ੍ਰੋਤ ਹੈ।ਜਿਨ੍ਹਾਂ ਨੇ ਇੰਨੇ ਹੇਠਲੇ ਲੈਵਲ ਤੋਂ ਕਾਮਨਵੈਲਥ ਖੇਡਾਂ ‘ਚ ਕਾਮਯਾਬੀ ਹਾਸਿਲ ਕੀਤੀ ਹੈ।