ਸਨਰਾਈਜ਼ਰਜ਼ ਹੈਦਰਾਬਾਦ SRH ਨੇ ਲਗਾਤਾਰ 3 ਮੈਚ ਹਾਰੇ ਹਨ। ਟੀਮ ਨੂੰ ਵੀਰਵਾਰ ਨੂੰ ਦਿੱਲੀ ਕੈਪੀਟਲਸ ਖਿਲਾਫ ਖੇਡੇ ਗਏ ਮੈਚ ‘ਚ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੀ ਇਸ ਹਾਰ ਦਾ ਸਭ ਤੋਂ ਵੱਡਾ ਦੋਸ਼ੀ ਕਪਤਾਨ ਅਤੇ ਸਲਾਮੀ ਬੱਲੇਬਾਜ਼ ਕੇਨ ਵਿਲੀਅਮਸਨ ਖੁਦ ਬਣਿਆ। ਮੈਚ ਵਿੱਚ ਐਸਆਰਐਚ ਦੇ ਸਾਹਮਣੇ ਜਿੱਤ ਲਈ 208 ਦੌੜਾਂ ਦਾ ਵੱਡਾ ਟੀਚਾ ਰੱਖਿਆ ਗਿਆ ਸੀ। ਅਜਿਹੇ ‘ਚ ਟੀਮ ਨੂੰ ਚੋਟੀ ਦੇ ਕ੍ਰਮ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਕਪਤਾਨ ਕੇਨ ਨੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ। ਉਸ ਨੇ 11 ਗੇਂਦਾਂ ‘ਤੇ ਸਿਰਫ 5 ਦੌੜਾਂ ਬਣਾ ਕੇ ਆਪਣਾ ਵਿਕਟ ਗੁਆ ਦਿੱਤਾ।
ਵਿਲੀਅਮਸਨ ਨਾ ਸਿਰਫ ਇਸ ਮੈਚ ‘ਚ ਸਗੋਂ ਪੂਰੇ ਟੂਰਨਾਮੈਂਟ ‘ਚ ਹੁਣ ਤੱਕ ਆਊਟ ਆਫ ਫਾਰਮ ਰਿਹਾ ਹੈ। ਉਨ੍ਹਾਂ ਨੇ 10 ਪਾਰੀਆਂ ‘ਚ ਸਿਰਫ 22.11 ਦੀ ਔਸਤ ਨਾਲ 199 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ ਸਿਰਫ ਇਕ ਅਰਧ ਸੈਂਕੜਾ ਹੀ ਦੇਖਣ ਨੂੰ ਮਿਲਿਆ। ਉਸ ਨੇ ਗੁਜਰਾਤ ਟਾਈਟਨਸ ਵਿਰੁੱਧ 46 ਗੇਂਦਾਂ ਵਿੱਚ 57 ਦੌੜਾਂ ਬਣਾਈਆਂ। ਪਿਛਲੀਆਂ 5 ਪਾਰੀਆਂ ‘ਚ ਵਿਲੀਅਮਸਨ ਨੇ ਸਿਰਫ 76 ਦੌੜਾਂ ਬਣਾਈਆਂ ਹਨ।
ਦਿੱਲੀ ਕੈਪੀਟਲਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 21 ਦੌੜਾਂ ਨਾਲ ਹਰਾਇਆ। SRH ਕੋਲ 208 ਦੌੜਾਂ ਦਾ ਵੱਡਾ ਟੀਚਾ ਸੀ, ਜਿਸ ਦੇ ਜਵਾਬ ਵਿੱਚ ਟੀਮ ਨੇ 186/8 ਦੌੜਾਂ ਬਣਾਈਆਂ ਅਤੇ ਮੈਚ ਹਾਰ ਗਈ। ਨਿਕੋਲਸ ਪੂਰਨ ਨੇ ਸਭ ਤੋਂ ਵੱਧ 62 ਦੌੜਾਂ ਬਣਾਈਆਂ। ਦਿੱਲੀ ਦੀ ਜਿੱਤ ‘ਚ ਖਲੀਲ ਅਹਿਮਦ ਨੇ 3 ਵਿਕਟਾਂ ਲਈਆਂ। ਮੌਜੂਦਾ ਟੂਰਨਾਮੈਂਟ ਵਿੱਚ ਹੈਦਰਾਬਾਦ ਦੀ ਇਹ ਲਗਾਤਾਰ ਤੀਜੀ ਹਾਰ ਹੈ। SRH ਨੇ ਹੁਣ ਤੱਕ 10 ਮੈਚ ਖੇਡੇ ਹਨ। ਇਸ ਦੌਰਾਨ 5 ਜਿੱਤੇ ਅਤੇ 5 ਹਾਰੇ। ਇਸ ਦੇ ਨਾਲ ਹੀ ਦਿੱਲੀ ਦੀ 10 ਮੈਚਾਂ ਵਿੱਚ ਇਹ 5ਵੀਂ ਜਿੱਤ ਸੀ।