ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਅਨੁਸਾਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਭਾਰਤੀ ਸੰਸਦ ਦੇ ਲੋਕ ਸਭਾ ਅਤੇ ਰਾਜ ਸਭਾ ਦੇ ਸਿੱਖ ਸਾਂਸਦਾਂ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਭਾਰਤ ਸਰਕਾਰ ਵੱਲੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਮਨਾਏ ਜਾਂਦੇ ਸ਼ਹੀਦੀ ਦਿਹਾੜੇ ਦੇ ਨਾਮ ਨੂੰ “ਵੀਰ ਬਾਲ ਦਿਵਸ” ਦੀ ਥਾਂ “ਸਾਹਿਬਜ਼ਾਦੇ ਸ਼ਹਾਦਤ ਦਿਵਸ” ਵਜੋਂ ਅਧਿਕਾਰਤ ਤੌਰ ਉੱਤੇ ਬਦਲਵਾਉਣ ਲਈ ਆਖਿਆ ਹੈ।
ਇਹ ਸਾਂਝਾ ਪੱਤਰ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਸਾਂਸਦ ਡਾ. ਅਮਰ ਸਿੰਘ, ਸ੍ਰੀ ਅੰਮ੍ਰਿਤਸਰ ਤੋਂ ਸ. ਗੁਰਜੀਤ ਸਿੰਘ, ਰਾਜ ਸਭਾ ਸਾਂਸਦ ਤੇ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ, ਰਾਜ ਸਭਾ ਸਾਂਸਦ ਸ. ਹਰਭਜਨ ਸਿੰਘ, ਬਠਿੰਡਾ ਤੋਂ ਲੋਕ ਸਭਾ ਸਾਂਸਦ ਬੀਬੀ ਹਰਸਿਮਰਤ ਕੌਰ, ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਸਾਂਸਦ ਸ. ਮਲਵਿੰਦਰ ਸਿੰਘ, ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸ. ਸੁਖਜਿੰਦਰ ਸਿੰਘ, ਰਾਜ ਸਭਾ ਸਾਂਸਦ ਸ. ਵਿਕਰਮਜੀਤ ਸਿੰਘ, ਸੰਗਰੂਰ ਤੋਂ ਲੋਕ ਸਭ ਸਾਂਸਦ ਸ. ਗੁਰਮੀਤ ਸਿੰਘ, ਫ਼ਿਰੋਜ਼ਪੁਰ ਤੋਂ ਲੋਕ ਸਭਾ ਸਾਂਸਦ ਸ. ਸ਼ੇਰ ਸਿੰਘ, ਫ਼ਰੀਦਕੋਟ ਤੋਂ ਲੋਕ ਸਭਾ ਸਾਂਸਦ ਸ. ਸਰਬਜੀਤ ਸਿੰਘ, ਜਲੰਧਰ ਤੋਂ ਲੋਕ ਸਭਾ ਸਾਂਸਦ ਸ. ਚਰਨਜੀਤ ਸਿੰਘ, ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਸ. ਅੰਮ੍ਰਿਤਪਾਲ ਸਿੰਘ ਅਤੇ ਲੁਧਿਆਣਾ ਤੋਂ ਲੋਕ ਸਭਾ ਸਾਂਸਦ ਸ. ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਹੈ।







