ਸ੍ਰੀਲੰਕਾ ‘ਚ ਪਾਸਪੋਰਟ ਲੈਣ ਲਈ 2 ਦਿਨਾਂ ਤੋਂ ਲਾਈਨ ‘ਚ ਲੱਗੀ ਇੱਕ ਗਰਭਵਤੀ ਔਰਤ ਨੂੰ ਵੀਰਵਾਰ ਨੂੰ ਜਣੇਪੇ ਦੇ ਦਰਦ ਦਾ ਅਨੁਭਵ ਹੋਣ ਮਗਰੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਆਰਥਿਕ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਤੋਂ ਬਾਹਰ ਜਾ ਕੇ ਰੁਜ਼ਗਾਰ ਦੀ ਭਾਲ ਲਈ ਪਾਸਪੋਰਟ ਲੈਣ ਲਈ ਮਹਿਲਾ 2 ਦਿਨਾਂ ਤੋਂ ਲਾਈਨ ਵਿਚ ਲੱਗੀ ਸੀ ਅਤੇ ਵੀਰਵਾਰ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਉਸ ਨੂੰ ਜਣੇਪੇ ਦੇ ਦਰਦ ਸ਼ੁਰੂ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਕੋਲੰਬੋ ‘ਚ ਇਮੀਗ੍ਰੇਸ਼ਨ ਵਿਭਾਗ ‘ਚ ਤਾਇਨਾਤ ਸ੍ਰੀਲੰਕਾ ਫੌਜ ਦੇ ਜਵਾਨਾਂ ਨੇ ਸਵੇਰੇ 26 ਸਾਲਾ ਔਰਤ ਨੂੰ ਦਰਦ ਵਿਚ ਦੇਖਿਆ। ਉਨ੍ਹਾਂ ਦੱਸਿਆ ਕਿ ਉਹ ਉਸ ਨੂੰ ਕੈਸਲ ਹਸਪਤਾਲ ਲੈ ਗਏ, ਜਿੱਥੇ ਔਰਤ ਨੇ ਬੱਚੀ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਉਕਤ ਔਰਤ ਅਤੇ ਉਸ ਦਾ ਪਤੀ ਵਿਦੇਸ਼ ‘ਚ ਰੁਜ਼ਗਾਰ ਹਾਸਲ ਕਰਨ ਲਈ ਪਾਸਪੋਰਟ ਲੈਣ ਲਈ ਪਿਛਲੇ 2 ਦਿਨਾਂ ਤੋਂ ਲਾਈਨ ‘ਚ ਖੜ੍ਹੇ ਸਨ। ਦੇਸ਼ ‘ਚ ਇਸ ਸਾਲ ਜਨਵਰੀ ਤੋਂ ਸ਼ੁਰੂ ਹੋਏ ਆਰਥਿਕ ਸੰਕਟ ਦੇ ਬਾਅਦ ਪਾਸਪੋਰਟ ਬਣਾਉਣ ਦੇ ਚਾਹਵਾਨ ਲੋਕਾਂ ਦੀਆਂ ਲੰਬੀਆਂ ਕਤਾਰਾਂ ਦਫ਼ਤਰ ਦੇ ਬਾਹਰ ਦੇਖਣ ਨੂੰ ਮਿਲ ਰਹੀਆਂ ਹਨ।