ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਮੰਗਲਵਾਰ ਨੂੰ ਸੰਸਦ ‘ਚ ਅੰਤਰਿਮ ਬਜਟ ਪੇਸ਼ ਕੀਤਾ। ਸੰਸਦ ‘ਚ ਬਜਟ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਹਤ ਪੈਕੇਜ ਨੂੰ ਲੈ ਕੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨਾਲ ਗੱਲਬਾਤ ਅੰਤਿਮ ਪੜਾਅ ‘ਤੇ ਹੈ। ਇਸ ਬਜਟ ਦਾ ਮਕਸਦ ਸਭ ਤੋਂ ਮੁਸ਼ਕਿਲ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਦੇ ਲੋਕਾਂ ਨੂੰ ਆਮਦਨ ਵਧਾਉਣਾ ਅਤੇ ਰਾਹਤ ਪ੍ਰਦਾਨ ਕਰਨਾ ਹੈ।
ਰਾਸ਼ਟਰਪਤੀ ਵਿਕਰਮਾਸਿੰਘੇ, ਜੋ ਵਿੱਤ ਮੰਤਰਾਲੇ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਸੰਸਦ ਨੂੰ ਦੱਸਿਆ ਕਿ ਅੰਤਰਿਮ ਬਜਟ ਦੇਸ਼ ਦੀ ਹੁਣ ਤੱਕ ਦੀ ਆਰਥਿਕ ਬਣਤਰ ਵਿੱਚ ਬਦਲਾਅ ਦੀ ਨੀਂਹ ਰੱਖੇਗਾ। ਉਨ੍ਹਾਂ ਕਿਹਾ ਕਿ ਆਈ.ਐੱਮ.ਐੱਫ. ਨਾਲ ਰਾਹਤ ਪੈਕੇਜ ‘ਤੇ ਗੱਲਬਾਤ ਸਫਲ ਰਹੀ ਹੈ ਅਤੇ ਇਹ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ। ਗੱਲਬਾਤ ਖ਼ਤਮ ਹੋਣ ਤੋਂ ਬਾਅਦ ਸੰਸਦ ਨੂੰ ਹੋਰ ਜਾਣਕਾਰੀ ਦਿੱਤੀ ਜਾਵੇਗੀ। ਆਈ.ਐੱਮ.ਐੱਫ. ਦੀ ਟੀਮ ਇਸ ਸਮੇਂ ਰਾਹਤ ਪੈਕੇਜ ਪ੍ਰੋਗਰਾਮ ‘ਤੇ ਚਰਚਾ ਕਰਨ ਲਈ ਸ਼੍ਰੀਲੰਕਾ ਵਿੱਚ ਹੈ। ਇਹ ਪ੍ਰੋਗਰਾਮ ਨਕਦੀ ਦੀ ਕਿੱਲਤ ਦਾ ਸਾਹਮਣਾ ਕਰ ਰਹੇ ਦੇਸ਼ ਲਈ ਮੌਜੂਦਾ ਆਰਥਿਕ ਸੰਕਟ ਨਾਲ ਨਜਿੱਠਣ ਲਈ ਮਦਦਗਾਰ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ-‘ਪੰਜਾਬ ਦੀ ਧਰਤੀ ‘ਤੇ ਜਬਰੀ ਧਰਮ ਪਰਿਵਰਤਨ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ’ (ਵੀਡੀਓ)
ਜ਼ਿਕਰਯੋਗ ਹੈ ਕਿ 2.2 ਕਰੋੜ ਦੀ ਆਬਾਦੀ ਵਾਲਾ ਸ਼੍ਰੀਲੰਕਾ ਬੇਮਿਸਾਲ ਆਰਥਿਕ ਉਥਲ-ਪੁਥਲ ਦੀ ਲਪੇਟ ‘ਚ ਹੈ। ਟਾਪੂ ਦੇਸ਼ ਦੇ ਲੱਖਾਂ ਲੋਕ ਭੋਜਨ, ਦਵਾਈ, ਬਾਲਣ ਅਤੇ ਹੋਰ ਜ਼ਰੂਰੀ ਚੀਜ਼ਾਂ ਖਰੀਦਣ ਲਈ ਸੰਘਰਸ਼ ਕਰ ਰਹੇ ਹਨ। ਸੰਸਦ ਨੂੰ ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਵਿਕਰਮਸਿੰਘੇ ਨੇ ਕਿਹਾ ਕਿ ਬਹੁਤ ਸਾਰੇ ਲੋਕ ਅਜੇ ਵੀ ਇਸ ਗੱਲ ਤੋਂ ਅਣਜਾਣ ਹਨ ਕਿ ਵਿੱਤੀ ਸੰਕਟ ਕਿੰਨਾ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਦੀ ਵਰਤੋਂ ਪਿਛਲੀਆਂ ਗ਼ਲਤੀਆਂ ਨੂੰ ਸੁਧਾਰਨ ਅਤੇ ਲੰਮੇ ਸਮੇਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਕਰਨੀ ਚਾਹੀਦੀ ਹੈ। ਇਹ ਆਰਥਿਕਤਾ ਨੂੰ ਸਥਿਰ ਕਰਨ ਅਤੇ ਚੁਣੌਤੀਆਂ ਨੂੰ ਦੂਰ ਕਰਨ ਵਿੱਚ ਮਦਦ ਕਰੇਗਾ। ਇਨਕਮ ਟੈਕਸ, ਵੈਲਿਊ ਐਡਿਡ ਟੈਕਸ (ਵੈਟ), ਟੈਲੀਕਾਮ ਟੈਕਸ ਅਤੇ ਸੱਟੇਬਾਜ਼ੀ ਅਤੇ ਗੇਮਿੰਗ ਟੈਕਸ ਨਾਲ ਸਬੰਧਤ ਅੰਤਰਿਮ ਬਜਟ ਵਿੱਚ ਕਈ ਟੈਕਸ ਸੁਧਾਰ ਪੇਸ਼ ਕੀਤੇ ਗਏ ਹਨ।