ਚੰਡੀਗੜ੍ਹ ਵਿਖੇ ਸੰਯੁਕਤ ਸਮਾਜ ਮੋਰਚੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਰੁਲਦੂ ਸਿੰਘ ਮਾਨਸਾ ਨਾਲ ਗੱਲਬਾਤ ਕਰਦਿਆਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਵੱਲੋਂ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜੀਆਂ ਜਾਣਗੀਆਂ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਸਾਡੇ ਕੋਲ ਤਾਂ ਸੀਟਾਂ ਨਾਲੋਂ ਉਮੀਦਵਾਰ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਅਸੀਂ ਸੰਯੁਕਤ ਮੋਰਚੇ ਨਾਲ ਦਿੱਲੀ ਵਿਖੇ ਇੱਕ ਵੱਡੀ ਜੰਗ ਜਿੱਤੀ ਹੈ ਅਤੇ ਜੇਕਰ ਅਸੀਂ ਇਹ ਜੰਗ ਜਿੱਤ ਸਕਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਵੀ ਅਸੀਂ ਜਿੱਤ ਹਾਸਲ ਕਰ ਸਕਦੇ ਹਾਂ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਅਸੀਂ ਸਾਰੇ ਸੀਨੀਅਰ ਲੀਡਰ ਚੋਣਾਂ ‘ਚ ਹਿੱਸਾ ਲਵਾਂਗੇ। ਨਾਰਾਜ਼ ਆਗੂ ਉਗਰਾਹਾ ਅਤੇ ਡੱਲੇਵਾਲ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਾਡੇ ਭਰਾ ਹਨ, ਸਾਡੇ ਨਾਲ ਮਿਲ ਕੇ ਉਨ੍ਹਾਂ ਨੇ ਕਈ ਸੰਘਰਸ ਲੜੇ ਹਨ ਅਤੇ ਸੰਯੁਕਤ ਮੋਰਚਾ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਪਰਿਵਾਰ ਵਿੱਚ ਤਾਂ ਇਹ ਚੱਲਦਾ ਹੀ ਰਹਿੰਦਾ ਹੈ, ਅਸੀਂ ਉਨ੍ਹਾਂ ਨੂੰ ਮਨਾ ਕੇ ਲਿਆਵਾਂਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਬਲਬੀਰ ਰਾਜੇਵਾਲ ਨੇ ਵੱਡਾ ਐਲਾਨ ਕਰਦਿਆਂ ਇਹ ਸਪੱਸ਼ਟ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਗੁਰਨਾਮ ਸਿੰਘ ਚੜੂਨੀ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਅਤੇ ਸਮਝੌਤੇ ਲਈ ਵੀ ਇਕ ਕਮੇਟੀ ਬਣਾ ਲਈ ਗਈ ਹੈ। ਵਿਧਾਨ ਸਭਾ ਚੋਣਾਂ ਲਈ ਇੱਕ-ਦੋ ਦਿਨਾਂ ’ਚ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ।