ਬੀਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ 4 ਦੇ ਕਰੀਬ ਨਵੇਂ ਐਸ.ਐਸ.ਪੀ. ਲਗਾਏ ਗਏ ਸਨ, ਜਿਨ੍ਹਾਂ ਵਿੱਚ ਜ਼ਿਲ੍ਹਾ ਫਰੀਦਕੋਟ ਵੀ ਸ਼ਾਮਲ ਹੈ। ਫਰੀਦਕੋਟ ‘ਚ ਫਾਜ਼ਿਕਲਾ ‘ਚ ਬਤੋਰ ਐਸ.ਐਸ.ਪੀ. ਸੇਵਾਵਾਂ ਨਿਭਾ ਰਹੇ ਮੈਡਮ ਅਵਨੀਤ ਕੌਰ ਸਿੱਧੂ ਨੂੰ ਸੀਨੀਅਰ ਪੁਲਿਸ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਵੱਲੋਂ ਅੱਜ ਬਤੌਰ ਐਸ.ਐਸ.ਪੀ. ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਅਵਨੀਤ ਕੌਰ ਫਰੀਦਕੋਟ ‘ਚ ਪਹਿਲੀ ਵਾਰ ਬਤੌਰ SSP ਸੇਵਾਵਾਂ ਨਿਭਾਉਣਗੇ।
ਦੱਸਣਯੋਗ ਹੈ ਕੇ ਅਵਨੀਤ ਕੌਰ ਨੇ ਸਾਲ 2008 ‘ਚ ਬਤੌਰ ਨਿਸ਼ਾਨੇਬਾਜ਼ ਓਲੰਪਿਕ ਖੇਡਾਂ ‘ਚ ਸੋਨ ਤਗਮਾ ਜਿਤਿਆ ਅਤੇ ਇਹ ਅਰਜਨ ਐਵਾਰਡ ਨਾਲ ਵੀ ਸੰਮਾਨਿਤ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਪੁਲਿਸ ਕਪਤਾਨ ਮੈਡਮ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਨੇ ਕਿ ਉਨ੍ਹਾਂ ਨੂੰ ਬਾਬਾ ਫਰੀਦ ਜੀ ਦੀ ਧਰਤੀ ‘ਤੇ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀ ਰਹੇਗੀ ਕੇ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰ ਸਕੀਏ ਤੇ ਉਨ੍ਹਾਂ ਨੂੰ ਇਨਸਾਫ ਦਿਵਾ ਸਕੀਏ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੀ ਪੂਰੀ ਟੀਮ ਨਾਲ, ਮੀਡੀਆ ਦੇ ਸਹਿਯੋਗ ਅਤੇ ਪਬਲਿਕ ਨਾਲ ਰਲ ਮਿਲ ਕੇ ਕੰਮ ਕਰਨਗੇ ਤਾਂ ਜੋ ਸਭ ਬੁਰਾਈਆਂ ਦਾ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਨਸ਼ਾ ਤਸਕਰਾਂ ਅਤੇ ਕਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸਖ਼ਤ ਤਾੜਨਾ ਦਿੰਦੇ ਕਿਹਾ ਕਿ ਉਹ ਬਾਜ ਆ ਜਾਣ ਨਹੀਂ ਤਾਂ ਕਿਸੇ ਨੂੰ ਕਿਸੇ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ।