Punjab Stubble Burning: ਪੰਜਾਬ ਸਰਕਾਰ (Punjab government) ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਉਲਟ ਸੂਬਾ ਸਰਕਾਰ ਵਲੋਂ ਹੁਣ ਤੱਕ ਨਾੜ ਸਾੜਣ ਨੂੰ ਲੈ ਕੇ ਹੁਣ ਤੱਕ ਜੋ ਵੀ ਉਪਰਾਲੇ ਕੀਤੇ ਗਏ ਉਹ ਸਭ ਫੇਲ ਸਾਬਤ ਹੋਏ ਹਨ। ਸੂਬੇ ‘ਚ ਪਰਾਲੀ ਸਾੜਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਇਸ ਸਾਲ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਨੇ ਪਿੱਛਲੇ ਸਾਲਾਂ ਦੇ ਕਈ ਰਿਕਾਰਡ ਤੋੜ ਦਿੱਤੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਸੂਬੇ ‘ਚ ਪਰਾਲੀ ਸਾੜਣ ਦੀਆਂ ਘਟਨਾਵਾਂ ਅਜੇ ਅਗਲੇ 15 ਦਿਨਾਂ ਤੱਕ ਹੋਰ ਹੋਣ ਦੀ ਸੰਭਾਵਨਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਇਹ ਅੰਦਾਜ਼ਾ ਝੋਨੇ ਦੀ ਕਟਾਈ ਅਤੇ ਖੇਤਾਂ ਵਿੱਚ ਬਚੀ ਪਰਾਲੀ ਨੂੰ ਦੇਖਦਿਆਂ ਲਾਇਆ ਹੈ। ਅਧਿਕਾਰੀਆਂ ਮੁਤਾਬਕ ਮਾਲਵਾ ਖੇਤਰ ‘ਚ ਕਰੀਬ 2 ਲੱਖ ਹੈਕਟੇਅਰ ਖੇਤਾਂ ਵਿੱਚ ਪਰਾਲੀ ਬਚੀ ਹੋਈ ਹੈ, ਜਦੋਂ ਕਿ ਝੋਨੇ ਦੀ ਵਾਢੀ ਦਾ 10 ਫੀਸਦੀ ਕੰਮ ਅਜੇ ਬਾਕੀ ਹੈ।
ਦੱਸ ਦਈਏ ਕਿ ਸੂਬੇ ਦੇ ਕਿਸਾਨ ਪਰਾਲੀ ਦੇ ਨਿਪਟਾਰੇ ਲਈ ਅੱਗ ਦਾ ਸਹਾਰਾ ਲੈ ਰਹੇ ਹਨ। ਕਿਸਾਨ ਇਸ ਦੇ ਨਿਪਟਾਰੇ ਲਈ ਕੋਈ ਹੋਰ ਹੱਲ ਗੰਭੀਰਤਾ ਨਾਲ ਨਹੀਂ ਲੈ ਰਹੇ। ਅਜਿਹੇ ‘ਚ ਪਰਾਲੀ ਸਾੜਨ ਦਾ ਕੰਮ 15 ਦਿਨ ਹੋਰ ਚੱਲ ਸਕਦਾ ਹੈ। ਇਸ ਕਾਰਨ ਉੱਤਰੀ ਭਾਰਤ ਦੇ ਸੂਬਿਆਂ ਲਈ ਅਜੇ ਹਵਾ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣਾ ਸੰਭਵ ਨਹੀਂ ਹੋਵੇਗਾ।
ਮਾਝੇ ਅਤੇ ਦੁਆਬੇ ‘ਚ ਝੋਨੇ ਦੀ ਵਾਢੀ ਦਾ ਕੰਮ ਮੁਕੰਮਲ :
ਖੇਤੀਬਾੜੀ ਵਿਭਾਗ ਮੁਤਾਬਕ ਮਾਝੇ ਅਤੇ ਦੁਆਬੇ ‘ਚ ਝੋਨੇ ਦੀ ਕਟਾਈ ਮੁਕੰਮਲ ਹੋ ਚੁੱਕਿਆ ਹੈ ਅਤੇ ਕਿਸਾਨਾਂ ਨੇ ਪਰਾਲੀ ਸਾੜਨ ਅਤੇ ਹੋਰ ਉਪਰਾਲਿਆਂ ਨਾਲ ਹਾੜੀ ਦੇ ਸੀਜ਼ਨ ਲਈ ਖੇਤ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਲਵਾ ਖੇਤਰ ਵਿੱਚ ਸਿਰਫ਼ 10 ਫ਼ੀਸਦੀ ਝੋਨੇ ਦੀ ਕਟਾਈ ਦਾ ਕੰਮ ਬਾਕੀ ਹੈ ਪਰ ਇਸ ਖੇਤਰ ਵਿੱਚ ਅਜੇ ਤੱਕ 2 ਲੱਖ ਹੈਕਟੇਅਰ ਰਕਬੇ ਵਿੱਚ ਪਰਾਲੀ ਦੀ ਸਫ਼ਾਈ ਹੋਣੀ ਬਾਕੀ ਹੈ।
ਇਸ ਤੋਂ ਇਲਾਵਾ 10 ਫੀਸਦੀ ਫਸਲ ਤੋਂ ਨਵੀਂ ਪਰਾਲੀ ਵੀ ਨਿਕਲੇਗੀ, ਜਿਸ ਨੂੰ ਜਲਦੀ ਸਾਫ ਕਰਨ ਲਈ ਕਿਸਾਨ ਅੱਗ ਦਾ ਸਹਾਰਾ ਲੈ ਸਕਦੇ ਹਨ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਸੂਬੇ ਵਿੱਚ 38 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਬਿਜਾਈ ਹੋਈ। ਮਾਝਾ ਅਤੇ ਦੋਆਬਾ ਖੇਤਰਾਂ ਵਿੱਚ ਝੋਨੇ ਦੀ ਕਟਾਈ ਲਗਪਗ ਖ਼ਤਮ ਹੋ ਚੁੱਕੀ ਹੈ, ਜਦਕਿ ਮਾਲਵਾ ਖੇਤਰ ‘ਚ ਅਜੇ ਵੀ ਵਾਢੀ ਜਾਰੀ ਹੈ।
ਦੂਜੇ ਪਾਸੇ ਸੂਬਾ ਸਰਕਾਰ ਵੱਲੋਂ ਪਰਾਲੀ ਸਾੜਨ ਨੂੰ ਰੋਕਣ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਸੂਬੇ ਵਿੱਚ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਹੈ। ਇਸ ਸਮੇਂ ਦੂਰ-ਦੁਰਾਡੇ ਦੇ ਖੇਤਾਂ ਵਿੱਚ ਹੀ ਨਹੀਂ ਸਗੋਂ ਜੀਟੀ ਰੋਡ ਦੇ ਨਾਲ ਲੱਗਦੇ ਖੇਤਾਂ ਵਿੱਚ ਵੀ ਪਰਾਲੀ ਸਾੜਨ ਕਾਰਨ ਦਿਨ-ਰਾਤ ਧੂੰਆਂ ਉੱਠਦਾ ਹੈ। ਪਰਾਲੀ ਦੇ ਨਿਪਟਾਰੇ ਲਈ ਮਸ਼ੀਨਾਂ ਮੁਹੱਈਆ ਕਰਵਾਉਣ ਦੀ ਯੋਜਨਾ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਜਾਗਰੂਕਤਾ ਮੁਹਿੰਮਾਂ ਵੀ ਨਾਕਾਮਯਾਬ ਸਾਬਤ ਹੋਈਆਂ ਹਨ।
15 ਸਤੰਬਰ ਤੋਂ 7 ਨਵੰਬਰ ਤੱਕ ਪਰਾਲੀ ਸਾੜਨ ਦੀਆਂ 32486 ਘਟਨਾਵਾਂ ਦਰਜ :
ਪਰਾਲੀ ਸਾੜਨ ਦੀਆਂ ਘਟਨਾਵਾਂ ਦੇ ਅੰਕੜਿਆਂ ਮੁਤਾਬਕ ਪੰਜਾਬ ਵਿੱਚ 15 ਸਤੰਬਰ ਤੋਂ 7 ਨਵੰਬਰ 2022 ਤੱਕ ਪਰਾਲੀ ਸਾੜਨ ਦੀਆਂ 32486 ਘਟਨਾਵਾਂ ਦਰਜ ਕੀਤੀਆਂ ਗਈਆਂ। ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲ੍ਹਾ ਸੰਗਰੂਰ ਸਭ ਤੋਂ ਅੱਗੇ ਹੈ, ਜਿੱਥੇ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੇ 5025 ਮਾਮਲੇ ਦਰਜ ਹੋਏ ਹਨ।
ਬਾਕੀ ਜ਼ਿਲ੍ਹਿਆਂ ਵਿੱਚ ਪਟਿਆਲਾ ਵਿੱਚ 3091, ਤਰਨਤਾਰਨ ਵਿੱਚ 2973, ਫਿਰੋਜ਼ਪੁਰ ਵਿੱਚ 2788, ਬਠਿੰਡਾ ਵਿੱਚ 2415, ਬਰਨਾਲਾ ਵਿੱਚ 1849, ਮਾਨਸਾ ਵਿੱਚ 1641, ਲੁਧਿਆਣਾ ਵਿੱਚ 1501, ਮੋਗਾ ਵਿੱਚ 1460, ਅੰਮ੍ਰਿਤਸਰ ਵਿੱਚ 1452, ਹੁਸ਼ਿਆਰਪੁਰ ਵਿੱਚ 220, ਰੋਪੜ ‘ਚ 198, ਨਵਾਂਸ਼ਹਿਰ 198 ਅਤੇ ਮੋਹਾਲੀ 99 ਮਾਮਲੇ ਦਰਜ ਕੀਤੇ ਗਏ ਹਨ।
ਇਸ ਸੀਜ਼ਨ ਵਿੱਚ ਹੁਣ ਤੱਕ ਪੰਜਾਬ ਵਿੱਚ 2 ਨਵੰਬਰ ਨੂੰ ਇੱਕ ਦਿਨ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਸਭ ਤੋਂ ਵੱਧ 3,634 ਮਾਮਲੇ ਸਾਹਮਣੇ ਆਏ। ਹਾਲਾਂਕਿ 3 ਨਵੰਬਰ ਨੂੰ ਇਹ ਅੰਕੜਾ ਘਟ ਕੇ 2666 ਰਹਿ ਗਿਆ ਸੀ। 7 ਨਵੰਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 2,487 ਮਾਮਲੇ ਦਰਜ ਕੀਤੇ ਗਏ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h