ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ‘ਚ ਮਾਹੌਲ ਕਾਫੀ ਤਣਾਅਪੂਰਨ ਹੈ। ਸ਼ਿਵ ਸੈਨਾ ਦੇ ਨੇਤਾ ਇਸ ਗੱਲ ਨੂੰ ਲੈ ਕੇ ਕਾਫੀ ਗੁੱਸੇ ‘ਚ ਹਨ ਅਤੇ ਸਖਤ ਵਿਰੋਧ ਕਰ ਰਹੇ ਹਨ। ਅੰਮ੍ਰਿਤਸਰ ਵਿੱਚ ਥਾਂ-ਥਾਂ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਅੰਮ੍ਰਿਤਸਰ ‘ਚ ਸੂਰੀ ਦਾ ਪੋਸਟਮਾਰਟਮ ਵੀ ਕਰਵਾਇਆ ਜਾ ਰਿਹਾ ਹੈ, ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੂਰੀ ਨੂੰ ਚਾਰ ਗੋਲੀਆਂ ਲੱਗੀਆਂ ਹਨ। ਜਿਨ੍ਹਾਂ ਵਿੱਚੋਂ ਦੋ ਛਾਤੀ ਵਿੱਚ ਵੱਜੇ, ਇੱਕ ਪੇਟ ਵਿੱਚ ਅਤੇ ਇੱਕ ਮੋਢੇ ਉੱਤੇ। ਪੋਸਟਮਾਰਟਮ ਦੌਰਾਨ ਸਿਟੀ ਸਕੈਨ ਵਿੱਚ ਇਹ ਖੁਲਾਸਾ ਹੋਇਆ ਹੈ। ਦੱਸ ਦੇਈਏ ਕਿ ਸਰੀ ਦੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਤਿੰਨ ਡਾਕਟਰਾਂ ਵੱਲੋਂ ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਹਾਲਾਂਕਿ ਪਰਿਵਾਰ ਦੀ ਮੰਗ ਹੈ ਕਿ ਜਦੋਂ ਤੱਕ ਸੂਰੀ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਦੋਂ ਤੱਕ ਉਹ ਸੰਸਕਾਰ ਨਹੀਂ ਕਰਨਗੇ।
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਸਖਤ ਸੁਰੱਖਿਆ ਵਿਚਕਾਰ ਸੁਧੀਰ ਗੋਪਾਲ ਨਗਰ ‘ਚ ਮੰਦਰ ਦੇ ਬਾਹਰ ਮੂਰਤੀਆਂ ਦੀ ਬੇਅਦਬੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਘਟਨਾ ‘ਚ ਵਰਤੀ ਗਈ ਲਾਇਸੈਂਸੀ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ, ਜਦਕਿ ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਫੈਲ ਗਈ। ਗੁੱਸੇ ‘ਚ ਆਏ ਸ਼ਿਵ ਸੈਨਿਕਾਂ ਨੇ ਦੋਸ਼ੀ ਦੀ ਕਾਰ ਅਤੇ ਦੁਕਾਨਾਂ ਦੀ ਭੰਨਤੋੜ ਕਰਨ ਤੋਂ ਬਾਅਦ ਇਕ ਦੁਕਾਨ ਨੂੰ ਅੱਗ ਲਗਾ ਦਿੱਤੀ।
ਇਸ ਤੋਂ ਇਲਾਵਾ ਉਨ੍ਹਾਂ ਅਟਾਰੀ-ਦਿੱਲੀ ਮੁੱਖ ਮਾਰਗ ’ਤੇ ਵੀ ਆਵਾਜਾਈ ਠੱਪ ਕੀਤੀ। ਸੁਰੱਖਿਆ ਦੇ ਮੱਦੇਨਜ਼ਰ ਪੂਰੇ ਪੰਜਾਬ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੂਰੀ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਕਾਰ ‘ਤੇ ‘ਵਾਰਿਸ ਪੰਜਾਬ ਦੇ’ ਦੇ ਅੰਮ੍ਰਿਤਪਾਲ ਸਿੰਘ ਦਾ ਸਟਿੱਕਰ ਲੱਗਾ ਹੋਇਆ ਸੀ, ਜਿਸ ਕਾਰਨ ਹਿੰਦੂ ਜਥੇਬੰਦੀਆਂ ਇਸ ਕਤਲ ਨੂੰ ਸਾਜ਼ਿਸ਼ ਦੱਸ ਰਹੀਆਂ ਹਨ। ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ 30 ਤੋਂ ਵੱਧ ਗੰਨਮੈਨ ਦਿੱਤੇ ਗਏ ਸਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਅੱਤਵਾਦੀ ਘਟਨਾ ਨਹੀਂ ਹੈ। ਦੇਰ ਰਾਤ ਡੀ.ਜੀ.ਪੀ. ਗੌਰਵ ਯਾਦਵ ਸੁਧੀਰ ਸੂਰੀ ਦੇ ਘਰ ਪਹੁੰਚੇ ਅਤੇ ਸੂਰੀ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।