ਬਰੈਂਪਟਨ: ਪੀਲ ਪੁਲਿਸ (Peel Police) ਨੇ ਬਰੈਂਪਟਨ ਵਿੱਚ ਇੱਕ ਪੰਜਾਬੀ ਪੁਲਿਸ ਅਫਸਰ (Punjabi police officer) ਸੁਖਦੇਵ ਸੰਘਾ ‘ਤੇ ਲੁੱਟ ਦਾ ਦੋਸ਼ ਲਗਾਇਆ ਹੈ। ਉਹ 29 ਜਨਵਰੀ, 2022 ਨੂੰ ਬਰੈਂਪਟਮ ਵਿੱਚ ਕੁਈਨ ਮੈਰੀ ਡਰਾਈਵ ਅਤੇ ਸੈਂਡਲਵੁੱਡ ਪਾਰਕਵੇਅ ਨੇੜੇ ਹੋਈ ਡਕੈਤੀ ਵਿੱਚ ਚਾਰ ਮੁਲਜ਼ਮਾਂ ਚੋਂ ਇੱਕ ਸੀ।
ਦੱਸ ਦਈਏ ਕਿ ਜਦੋਂ ਇਹ ਵਾਰਦਾਤ ਹੋਈ ਤਾਂ ਸੰਘਾ ਇੱਕ ਕਾਂਸਟੇਬਲ ਸੀ ਅਤੇ ਪਿਛਲੇ ਦੋ ਸਾਲਾਂ ਤੋਂ ਪੀਲ ਪੁਲਿਸ ਵਿੱਚ ਕੰਮ ਕਰ ਰਿਹਾ ਸੀ। ਉਹ ਇੱਕ ਪੰਜਾਬੀ ਪਰਿਵਾਰ ਨਾਲ ਸਬੰਧਤ ਰਿਹਾ ਹੈ।
ਚਾਰਜ ਕੀਤੇ ਗਏ ਅਤੇ ਅਦਾਲਤੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹੋਰ ਦੋਸ਼ੀ ਬਰੈਂਪਟਨ ਦੇ ਰਹਿਣ ਵਾਲੇ ਕਰਨਵੀਰ ਸੰਘਾ ਅਤੇ ਸੁਖਦੀਪ ਕੰਦੋਲਾ ਅਤੇ ਮਰਖਨ ਦੇ ਜਸਮੀਤ ਬੱਸੀ ਹਨ। ਲੰਬੀ ਪੁਲੀਸ ਜਾਂਚ ਵਿੱਚ ਸੁਖਦੇਵ ਸੰਘਾ ਦੀ ਲੁੱਟ ਵਿੱਚ ਭੂਮਿਕਾ ਦਾ ਪਤਾ ਲੱਗਿਆ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਹੈ ਕਿ ਪੀਲ ਪੁਲਿਸ ਵਿੱਚ ਬਹੁਤ ਸਾਰੇ ਪੰਜਾਬੀ ਪੁਲਿਸ ਅਧਿਕਾਰੀ ਹਨ ਅਤੇ ਉਨ੍ਹਾਂ ਚੋਂ ਕਈਆਂ ਦੇ ਕਾਨੂੰਨ ਮੁਤਾਬਕ ਆਪਣੀਆਂ ਡਿਊਟੀ ਨਾ ਨਿਭਾਉਣ ਦੀਆਂ ਰਿਪੋਰਟਾਂ ਹਨ।
ਸੰਘਾ ਨੂੰ ਓਨਟਾਰੀਓ ਪੁਲਿਸ ਸਰਵਿਸ ਐਕਟ ਦੇ ਉਪਬੰਧਾਂ ਮੁਤਾਬਕ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਗਿਆ ਸੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਹ ਇਸ ਸਾਲ 12 ਦਸੰਬਰ ਨੂੰ ਬਰੈਂਪਟਨ ਵਿੱਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਹੋਣ ਵਾਲਾ ਹੈ।