ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਐੱਸ. ਵਾਈ. ਐੱਲ.’ ਅੱਜ ਸ਼ਾਮ 6 ਵਜੇ ਰਿਲੀਜ਼ ਹੋਇਆ ਤੇ 6.30 ਵਜੇ ਹੀ ਇਸ ਗੀਤ ਦੀ ਰੀਚ 10 ਲੱਖ ਤੋਂ ਵੱਧ ਹੋ ਗਈ। ਇਸ ਗੀਤ ਦੇ ਟਾਈਟਲ ‘ਐੱਸ. ਵਾਈ. ਐੱਲ.’ ਤੋਂ ਹੀ ਸਪੱਸ਼ਟ ਹੋ ਗਿਆ ਸੀ ਇਹ ਸਤਲੁਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ। ਇਹ ਗੀਤ ਯੂਟਿਊਬ ’ਤੇ ਲਾਂਚ ਹੁੰਦਿਆਂ ਹੀ 10 ਲੱਖ ਤੋਂ ਵੱਧ ਲੋਕਾਂ ਨੇ ਵੇਖ ਲਿਆ ਹੈ। ਇਸ ਗੀਤ ’ਚ ਹਿਮਾਚਲ, ਹਰਿਆਣਾ ਪੰਜਾਬ ਨੂੰ ਦੇਣ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਗੀਤ ’ਚ ਕਿਸਾਨ ਅੰਦੋਲਨ ਦੌਰਾਨ 26 ਜਨਵਰੀ 2021 ਮੌਕੇ ਲਾਲ ਕਿਲ੍ਹੇ ਦੀ ਘਟਨਾ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ। ਗੀਤ ਵਿਚ ਬਲਵਿੰਦਰ ਸਿੰਘ ਜਟਾਣਾ ਬਾਰੇ ਵੀ ਲਿਖਿਆ ਗਿਆ ਹੈ, ਜਿਨ੍ਹਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਐੱਸ. ਵਾਈ. ਐੱਲ. ਦੇ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਨੂੰ ਗੋਲੀ ਮਾਰੀ ਸੀ ਤਾਂ ਜੋ ਐੱਸ. ਵਾਈ. ਐੱਲ. ਦੀ ਉਸਾਰੀ ਨੂੰ ਰੋਕਿਆ ਜਾਵੇ। ਇਹ ਗੱਲ 1990 ਦੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਹ ਗੀਤ ਯੂਟਿਊਬ ’ਤੇ ਲੀਕ ਹੋ ਗਿਆ ਸੀ, ਜਿਸ ਦੇ ਚਲਦਿਆਂ ਗੀਤ ਨੂੰ ਹੁਣ ਅਧਿਕਾਰਤ ਤੌਰ ’ਤੇ ਰਿਲੀਜ਼ ਕੀਤਾ ਗਿਆ ਹੈ।