ਐਸ.ਵਾਈ.ਐਲ. ਨਹਿਰ ਦੇ ਮਸਲੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਆਪਣੇ ਪੁਰਖਿਆਂ ਵੱਲੋਂ ਪੰਜਾਬ ਨਾਲ ਕੀਤੀ ਗੱਦਾਰੀ ਨਾ ਭੁੱਲੋ-ਮੁੱਖ ਮੰਤਰੀ ਨੇ ਜਾਖੜ, ਸੁਖਬੀਰ, ਬਾਜਵਾ ਅਤੇ ਵੜਿੰਗ ਨੂੰ ਚੇਤੇ ਕਰਵਾਇਆ
ਲੋਕਾਂ ਨੂੰ ਗੁੰਮਰਾਹ ਕਰਨ ਲਈ ਬੇਸ਼ਰਮੀ ਨਾਲ ਨੌਟੰਕੀਆਂ ਕਰ ਰਹੇ ਹਨ ਵਿਰੋਧੀ ਨੇਤਾ
ਸਤਲੁਜ ਦੇ ਪਾਣੀ ਦੀ ਬੂੰਦ ਵੀ ਕਿਸੇ ਹੋਰ ਨੂੰ ਨਾ ਦੇਣ ਦੀ ਵਚਨਬੱਧਤਾ ਦੁਹਰਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਸਲੇ ਉਤੇ ਮਗਰਮੱਛ ਦੇ ਹੰਝੂ ਵਹਾਉਣ ਤੋਂ ਪਹਿਲਾਂ ਉਹ ਆਪਣੇ ਪੁਰਖਿਆਂ ਵੱਲੋਂ ਪੰਜਾਬ ਨਾਲ ਕੀਤੀ ਗੱਦਾਰੀ ਨੂੰ ਜ਼ਰੂਰ ਚੇਤੇ ਰੱਖਣ।
ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਨੌਟੰਕੀ ਕਰਨ ਵਾਲੇ ਇਨ੍ਹਾਂ ਲੀਡਰਾਂ ਉਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਇਹ ਗੱਲ ਸਾਰਾ ਜਗ ਜਾਣਦਾ ਹੈ ਕਿ ਇਨ੍ਹਾਂ ਲੀਡਰਾਂ ਦੇ ਵਡ-ਵਡੇਰਿਆਂ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਨਿਰਮਾਣ ਦਾ ਨਾ-ਮੁਆਫੀਯੋਗ ਗੁਨਾਹ ਕਰਕੇ ਪੰਜਾਬ ਅਤੇ ਇੱਥੋਂ ਦੀ ਨੌਜਵਾਨ ਪੀੜ੍ਹੀ ਦੇ ਰਾਹ ਵਿੱਚ ਕੰਡੇ ਬੀਜੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਪਣੇ ਨਿੱਜੀ ਮੁਫਾਦ ਦੀ ਖਾਤਰ ਇਨ੍ਹਾਂ ਮਤਲਬਖੋਰ ਸਿਆਸਤਦਾਨਾਂ ਨੇ ਇਸ ਨਹਿਰ ਦੀ ਉਸਾਰੀ ਲਈ ਸਹਿਮਤੀ, ਯੋਜਨਾਬੰਦੀ ਅਤੇ ਲਾਗੂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਤੱਥ ਕਿਸੇ ਤੋਂ ਲੁਕਿਆ-ਛਿਪਿਆ ਨਹੀਂ ਕਿ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕਪੂਰੀ ਵਿਖੇ ਐਸ.ਵਾਈ.ਐਲ. ਨਹਿਰ ਦੇ ਨਿਰਮਾਣ ਲਈ ਟੱਕ ਲਾਉਣ ਦੀ ਰਸਮ ਅਦਾ ਕੀਤੀ ਸੀ ਤਾਂ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਬਲਰਾਮ ਜਾਖੜ (ਸੁਨੀਲ ਜਾਖੜ ਦੇ ਪਿਤਾ) ਵੀ ਹਾਜ਼ਰ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਇਸ ਨਹਿਰ ਦੇ ਸਰਵੇ ਦੀ ਇਜਾਜ਼ਤ ਦੇਣ ਲਈ ਉਸ ਮੌਕੇ ਪੰਜਾਬ ਦੇ ਆਪਣੇ ਹਮਰੁਤਬਾ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਏ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰ ਸੂਬੇ ਨਾਲ ਕਮਾਏ ਧ੍ਰੋਹ ਲਈ ਜ਼ਿੰਮੇਵਾਰ ਹਨ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਨ੍ਹਾਂ ਲੀਡਰਾਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ।
ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਨੂੰ ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਵਿੱਚ ਗੁਰੂਗ੍ਰਾਮ (ਗੁੜਗਾਉਂ) ਵਾਲੇ ਓਬਰਾਏ ਹੋਟਲ ਦੇ ਦਸਤਾਵੇਜ਼ ਵੀ ਲਿਆਉਣ ਲਈ ਵੰਗਾਰਿਆ। ਉਨ੍ਹਾਂ ਨੇ ਇਨ੍ਹਾਂ ਨੇਤਾਵਾਂ ਨੂੰ ਬਹਿਸ ਵਿੱਚ ਸਮਝੌਤੇ ਦੇ ਕਾਗਜ਼-ਪੱਤਰ ਲਿਆਉਣ ਦੀ ਚੁਣੌਤੀ ਦਿੱਤੀ ਜਿਹੜੇ ਸਮਝੌਤੇ ਉਨ੍ਹਾਂ ਦੇ ਪੁਰਖਿਆਂ ਨੇ ਸੱਤਾ ਦੀ ਕੁਰਸੀ ਨਾਲ ਚਿੰਬੜੇ ਰਹਿਣ ਲਈ ਪੰਜਾਬੀਆਂ ਨੂੰ ਧੋਖਾ ਦੇ ਕੇ ਕੀਤੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਮੁੱਦੇ ਉਤੇ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਕੁਰਬਾਨੀਆਂ ਦੀ ਆੜ ਵਿੱਚ ਇਹ ਲੀਡਰ ਕਿਸ ਤਰ੍ਹਾਂ ਗੱਦਾਰੀ ਕਰਦੇ ਰਹੇ ਹਨ।
ਮੁੱਖ ਮੰਤਰੀ ਨੇ ਵਿਰੋਧੀ ਨੇਤਾਵਾਂ ਨੂੰ ਮੁਖਾਤਬ ਹੁੰਦਿਆਂ ਕਿਹਾ, “ਪੰਜਾਬ ਦੇ ਪਾਣੀਆਂ ਦਾ ਤੁਸੀਂ ਫਿਕਰ ਨਾ ਕਰੋ ਕਿਉਂਕਿ ਮੇਰੇ ਪਿਤਾ ਬਚਪਨ ਵਿੱਚ ਹੀ ਮੈਨੂੰ ਆਪਣੇ ਖੇਤਾਂ ਦਾ ਪਾਣੀ ਬਚਾਉਣ ਦਾ ਜ਼ਿੰਮਾ ਸੌਂਪ ਦਿੰਦੇ ਸਨ। ਪਰਮਾਤਮਾ ਦੀ ਮਿਹਰ ਅਤੇ ਲੋਕਾਂ ਦੇ ਵਿਸ਼ਵਾਸ ਨਾਲ ਮੇਰੀ ਡਿਊਟੀ ਹੁਣ ਸਤਲੁਜ ਦਰਿਆ ਦਾ ਪਾਣੀ ਬਚਾਉਣ ਲਈ ਲੱਗੀ ਹੋਈ ਹੈ ਜਿਸ ਨੂੰ ਮੈਂ ਜੀਅ-ਜਾਨ ਨਾਲ ਨਿਭਾਵਾਂਗਾ।” ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਇਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ ਅਤੇ ਉਹ ਹਰ ਹਾਲ ਵਿੱਚ ਪਾਣੀਆਂ ਦੀ ਰਾਖੀ ਕਰਨਗੇ।