ਵਰਤਮਾਨ ਪੰਜਾਬ ਦੇ 20 ਜਿ਼ਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੀ ਗਈ ਖੋਜ
ਪੰਜਾਬੀ ਬੋਲੀ ਦੇ ਬਹੁਤ ਸਾਰੇ ਟਕਸਾਲੀ ਸ਼ਬਦਾਂ ਨੂੰ ਹੁਣ ਪੰਜਾਬ ਵਸਦੇ ਲੋਕ ਵੀ ਸਮਝਣੋਂ ਹਟ ਗਏ ਹਨ। ਅਜਿਹੇ ਸ਼ਬਦਾਂ ਨੂੰ ਸਿਰਫ਼ ਬਜ਼ੁਰਗ ਪੀੜ੍ਹੀ ਦੇ ਲੋਕ ਹੀ ਬੋਲਦੇ ਤੇ ਸਮਝਦੇ ਹਨ। ਪੰਜਾਬੀ ਯੂਨੀਵਰਸਿਟੀ ਵੱਲੋਂ 20 ਜਿ਼ਲ੍ਹਿਆਂ ਦੇ 40 ਪਿੰਡਾਂ ਨੂੰ ਅਧਾਰ ਬਣਾ ਕੇ ਕੀਤੇ ਗਏ ਸਰਵੇਖਣ ਅਧਾਰਿਤ ਖੋਜ ਵਿੱਚ ਇਹ ਤੱਥ ਸਾਹਮਣੇ ਆਏ ਹਨ।
ਉੱਘੇ ਭਾਸ਼ਾ ਵਿਗਿਆਨੀ ਨਿਗਰਾਨ ਡਾ. ਬੂਟਾ ਸਿੰਘ ਬਰਾੜ ਦੀ ਅਗਵਾਈ ਵਿੱਚ ਖੋਜਾਰਥੀ ਪਵਨਦੀਪ ਕੌਰ ਵੱਲੋਂ ਕੀਤੀ ਇਸ ਖੋਜ ਰਾਹੀਂ ਪੂਰਬੀ ਪੰਜਾਬ (ਪੰਜਾਬ ਦਾ ਸਿਰਫ਼ ਭਾਰਤ ਵਿਚਲਾ ਹਿੱਸਾ) ਦੇ ਖੇਤਰ ਵਿੱਚ ਮੌਜੂਦਾ ਸਮੇਂ ਬੋਲੀਆਂ ਜਾਂਦੀਆਂ ਚਾਰ ਪ੍ਰਮੁੱਖ ਬੋਲੀਆਂ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਬਾਰੇ ਇਹ ਖੋਜ ਕੀਤੀ ਗਈ ਜਿਸ ਵਿੱਚ ਪ੍ਰਾਪਤ ਅੰਕੜਿਆਂ ਤੋਂ ਇਹ ਸਪਸ਼ਟ ਰੂਪ ਵਿੱਚ ਇਹ ਤੱਥ ਸਾਹਮਣੇ ਆਇਆ ਕਿ ਅੰਗਰੇਜ਼ੀ ਅਤੇ ਹਿੰਦੀ ਦੇ ਪ੍ਰਭਾਵ ਕਾਰਨ ਇਨ੍ਹਾਂ ਸਾਰੀਆਂ ਬੋਲੀਆਂ ਦੇ ਸ਼ੁੱਧ ਸਰੂਪ ਨੂੰ ਖੋਰਾ ਲੱਗ ਰਿਹਾ ਹੈ। ਅੰਗਰੇਜ਼ੀ ਦੇ ਅਨੇਕਾਂ ਸ਼ਬਦ ਜਿਵੇਂ; ਥੈਂਕਯੂ, ਵੈਲਕਮ, ਗੁੱਡਮੌਰਨਿੰਗ, ਬਾਏ-ਬਾਏ, ਹੈਲੋ, ਸੰਡੇ, ਵਨ-ਵੇ, ਕੈਂਡਲ ਲਾਈਟ, ਡੇ, ਨਾਈਟ ਆਦਿ ਆਮ ਪ੍ਰਚੱਲਿਤ ਹੋ ਗਏ ਹਨ। ਇਸੇ ਤਰ੍ਹਾਂ ਉਚਾਰਣ ਦੇ ਪੱਖ ਤੋਂ ਹਿੰਦੀ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ। ਪੰਜਾਬੀ ਸ਼ਬਦ ‘ਕੌਲੀ’ ਤੋਂ ‘ਕੋਲੀ’ ਬਣ ਗਿਆ ਹੈ ਚੌਲ’ ਤੋਂ ‘ਚੋਲ’ ਅਤੇ ‘ਜਾਵਾਂਗੇ’ ਤੋਂ ‘ਜਾਏਂਗੇ’ ਬਣ ਗਏ ਨੇ।ਇਸੇ ਤਰਾਂ ਵਾਕ ਬਣਤਰ ਹਿੰਦੀ ਨੁਮਾ ਹੋ ਗਈ ਹੈ।ਬੱਚੇ ਨੂੰ ਕੁੱਤੇ ਨੇ ਵੱਢਿਆ ਨਹੀਂ ਕੱਟਿਆ ਬੋਲਿਆ ਜਾਂਦੈ।ਇਸ ਤਰਾਂ ਦੀਆਂ ਅਨੇਕਾਂ ਹੋਰ ਉਦਹਾਰਨਾਂ ਹਨ।ਖੋਜਾਰਥੀ ਪਵਨਦੀਪ ਕੌਰ ਨੇ ਦੱਸਿਆ ਕਿ ਖੋਜ ਦੌਰਾਨ ਅਜਿਹੇ ਕਰੀਬ 2000 ਸ਼ਬਦਾਂ ਅਤੇ 400 ਵਾਕਾਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਦੀ ਵਰਤੋਂ ਹੁਣ ਸਿਰਫ਼ ਬਜ਼ੁਰਗਾਂ ਵੱਲੋਂ ਹੀ ਕੀਤੀ ਜਾਂਦੀ ਹੈ। ਨਵੀਂ ਪੀੜ੍ਹੀ ਨੂੰ ਅਜਿਹੇ ਸ਼ਬਦਾਂ ਜਿਵੇਂ ਸ਼ਕਾਲਾ ਸਿੰਘਰ, ਹੁੱਟ, ਧੰਦੜੇ, ਧਾਹੋ, ਪਿੰਜਰ, ਅੰਵਾਰਾ, ਅਰਲਾਸੇਟ, ਧੂਤਕਾੜਾ, ਸੂਸਲ੍ਹਾ, ਸਿਆੜ, ਸਲਾਰਾ, ਸਿਵਾਤ, ਗੰਡਿਆਲ, ਗੜੂੰਆ, ਚੌਖੜਾ, ਭੌੜਾ, ਮਾਖਤ, ਮਾਹਣੂ, ਖੁੜਮੇਟ, ਕੈਂਚ, ਤਤਾੜਾ, ਦੇਹੁਰਾ, ਫੀਲਾ, ਲੋਦਾ, ਵਰੇਗੜਾ, ਅਛਮਨੀ, ਅਰਗੜ, ਸਮੋਸਾ, ਕਰਾਂਦ, ਗੋਰੂ, ਗੁਟੂੰ, ਢਿੱਗ, ੜਿੱਕਾ ਅਤੇ ਤੱਖਰ ਆਦਿ ਬਾਰੇ ਬਿਲਕੁਲ ਵੀ ਪਤਾ ਨਹੀਂ।
ਖੋਜ ਨਿਗਰਾਨ ਡਾ. ਬੂਟਾ ਸਿੰਘ ਬਰਾੜ ਨੇ ਦੱਸਿਆ ਕਿ ਇਸ ਖੋਜ-ਕਾਰਜ ਨਾਲ਼ ਜਿੱਥੇ ਇਨ੍ਹਾਂ ਚਾਰੇ ਬੋਲੀਆਂ ਦੀ ਵਰਤਮਾਨ ਸਥਿਤੀ ਸਾਹਮਣੇ ਆਈ ਹੈ ਅਤੇ ਇਹ ਤੱਥ ਵੀ ਉਜਾਗਰ ਹੋਇਆ ਹੈ ਕਿ ਇਨ੍ਹਾਂ ਬੋਲੀਆਂ ਦੀ ਹੋਂਦ-ਹਸਤੀ ਅਜੋਕੇ ਸਮੇਂ ਵਿੱਚ ਸ਼ਬਦ-ਸ਼ਬਦ, ਵਾਕ-ਵਾਕ ਲੋਪ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਇਨ੍ਹਾਂ ਚਾਰੇ ਬੋਲੀਆਂ ਵਿੱਚ ਅੱਗੋਂ ਸਥਾਨਕ ਪੱਧਰ ਦੇ ਭਾਸ਼ਾਈ ਵਖਰੇਵੇਂ ਵੀ ਸਾਹਮਣੇ ਆਏ ਹਨ। ਇਸ ਖੋਜ-ਕਾਰਜ ਲਈ ਜਿਨ੍ਹਾਂ 20 ਜ਼ਿਲਿਆਂ ਦਾ ਸਰਵੇਖਣ ਕੀਤਾ ਉਨ੍ਹਾਂ ਵਿੱਚ ਮਾਝੇ ਦੇ ਤਿੰਨ (ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ) ਮਾਲਵੇ ਦੇ ਗਿਆਰਾਂ (ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਫਾਜਿਲਕਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਪਟਿਆਲੇ ਦਾ ਪੱਛਮੀ ਭਾਗ) ਦੁਆਬੇ ਦੇ ਤਿੰਨ (ਹੁਸ਼ਿਆਰਪੁਰ, ਜਲੰਧਰ, ਕਪੂਰਥਲਾ) ਅਤੇ ਪੁਆਧ ਦੇ ਤਿੰਨ (ਫਤਹਿਗੜ੍ਹ, ਮੁਹਾਲੀ, ਰਾਜਪੁਰਾ) ਜਿ਼ਲੇ ਸ਼ਾਮਿਲ ਸਨ। ਇਨ੍ਹਾਂ ਵੀਹ ਜ਼ਿਲਿਆਂ ਵਿੱਚੋਂ ਚਾਲੀ ਪਿੰਡਾਂ ਨੂੰ ਖੋਜ-ਕਾਰਜ ਦਾ ਹਿੱਸਾ ਬਣਾਇਆ ਗਿਆ ਅਤੇ ਮਹਿਲਾਂਵਾਲਾ, ਧਾਰੀਵਾਲ, ਅਮਰਕੋਟ, ਸੁਰਸਿੰਘ ਵਾਲਾ , ਦੀਨਾਨਗਰ, ਬਹਿਰਾਮਪੁਰ, ਭਿੱਖੀਵਿੰਡ, ਝਪਕਰਾ, ਸਵੱਦੀਖੁਰਦ, ਜਲਾਲਾਬਾਦ ਪੂਰਬੀ, ਮਹਿਣਾ, ਬਰਗਾੜੀ, ਫਰਵਾਹੀ, ਬਾਜਾਖਾਨਾ, ਕਿਲਾ ਮਹਿਰਾਜ, ਲੋਖੇ ਕੇ ਹਿਠਾੜ, ਕਾਸੂਬੇਗੂ, ਗੋਲੇਵਾਲਾ , ਬੁਰਜ ਢਿੱਲਵਾਂ, ਮਹਿਣਾ, ਛੋਟਾ ਮੀਰਪੁਰ, ਹੰਸ, ਸਹਿਣਾ, ਪਾਜੀਆਂ ਸਿੱਧਵਾਂ, ਕਾਲਾ ਸੰਘਾ, ਨੂਰਮਹਿਲ, ਰੜਾ, ਅਕਬਰਪੁਰਾ, ਮਾਲੜੀ, ਚੁੰਨੀ, ਚਵਰੇਵਾਲ, ਮੋਹਣ ਕੇ ਉਤਾੜ, ਪੱਧਰੀ, ਨੰਡਿਆਲਾ, ਸੰਡਿਆਣਾ, ਭੂਟਾਲਖ਼ੁਰਦ, ਲੇਹਲ ਕਲਾਂ, ਡੂਡੀਆਂ ਅਤੇ ਨੁਕੇਰੀਆਂ ਆਦਿ ਪਿੰਡਾਂ ਤੋਂ ਸ੍ਰੋਤ-ਸਮੱਗਰੀ ਇੱਕਤਰ ਕੀਤੀ ਹੈ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਕਾਰਜ ਦੀ ਸ਼ਲਾਘਾ ਕਰਦਿਆਂ ਨਿਗਰਾਨ ਅਤੇ ਖੋਜਾਰਥੀ ਨੂੰ ਵਿਸ਼ੇਸ਼ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਸ਼ਾ ਦੇ ਨਾਮ ਉੱਤੇ ਸਥਾਪਿਤ ਪੰਜਾਬੀ ਯੂਨੀਵਰਸਿਟੀ ਵੱਲੋਂ ਮੌਜੂਦਾ ਸਮੇਂ ਸਾਡੀ ਭਾਸ਼ਾ ਦੇ ਅਸਲ ਹਾਲਾਤ ਦਾ ਜਾਇਜ਼ਾ ਲੈਣਾ ਅਤੇ ਉਸ ਨੂੰ ਖੋਜ ਪੱਧਰ ਉੱਤੇ ਵਿਚਾਰਨਾ ਇਸ ਦੇ ਮੁੱਢਲੇ ਮੰਤਵਾਂ ਦਾ ਹਿੱਸਾ ਹੈ। ਇਸ ਲਈ ਅਜਿਹੀਆਂ ਖੋਜਾਂ ਨੂੰ ਪ੍ਰਫੁੱਲਿਤ ਕੀਤੇ ਜਾਣ ਦੀ ਲੋੜ ਹੈ।
(ਡਾਇਰੈਕਟਰ, ਲੋਕ ਸੰਪਰਕ, ਪੰਜਾਬੀ ਯੂਨੀਵਰਸਿਟੀ ਪਟਿਆਲਾ)