ਪੰਜਾਬ ‘ਚ ਲੁੱਟਾਂ-ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਦਿਨ-ਬਦਿਨ ਵਧਦੀਆਂ ਹੀ ਜਾ ਰਹੀਆਂ ਹਨ।ਚੋਰਾਂ ਦੇ ਹੌਂਸਲੇ ਬੁਲੰਦ ਹਨ।ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਮੁਹੱਲਾ ਪੀਰ ਬਖਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਘਰ ‘ਚ ਕੋਈ ਨਾ ਹੋਣ ਦਾ ਫਾਇਦਾ ਚੁੱਕ ਚੋਰਾਂ ਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ।ਦੱਸ ਦੇਈਏ ਕਿ ਚੋਰਾਂ ਨੇ ਘਰ ‘ਚ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਤੇ 85 ਹਜ਼ਾਰ ਰੁ. ਦੀ ਨਕਦੀ ‘ਤੇ ਹੱਥ ਸਾਫ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਹੋਏ ਘਰ ਦੀ ਮਾਲਕਣ ਨੇ ਦੱਸਿਆ ਕਿ ਇਸ ਸਭ ਉਸ ਸਮੇਂ ਵਾਪਰਿਆ ਜਦੋਂ ਉਹ ਘਰੋਂ ਬਜ਼ਾਰ ਗਈ ਹੋਈ ਸੀ ਤੇ ਜਦ ਉਹ ਘਰ ਵਾਪਸ ਆਈ ਤਾਂ ਉਸ ਨੇ ਆ ਕੇ ਦੇਖਿਆ ਕਿ ਚੋਰਾਂ ਵਲੋਂ ਛੱਤ ਤੋਂ ਆਕੇ ਪੌੜੀਆਂ ਦੇ ਦਰਵਾਜ਼ੇ ਨੂੰ ਤੋੜ ਕੇ ਘਰ ‘ਚ ਦਾਖਲ ਹੋਇਆ ਤੇ ਉਸ ਵਲੋਂ ਕਮਰਿਆਂ ਦੀ ਤਲਾਸ਼ੀ ਲਈ ਗਈ ਤੇ ਅਲਮਾਰੀ ‘ਚ ਪਏ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਿਆ।
ਪੀੜਤ ਨੇ ਦੱਸਿਆ ਕਿ ਦਸ ਤੋਲੇ ਸੋਨਾ ਤੇ ਚਾਂਦੀ ਦੇ ਗਹਿਣੇ ਤੇ 85 ਹਜ਼ਾਰ ਰੁ. ਜੋ ਵੱਖ ਵੱਖ ਪਰਸਾਂ ‘ਚ ਪਏ ਸਨ ਨੂੰ ਵੀ ਉਸ ਵਲੋਂ ਚੋਰੀ ਕਰ ਲਿਆ ਗਿਆ।ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਚੋਰ ਵਲੋਂ ਅਲਮਾਰੀ ਨੂੰ ਤੋੜਨ ਲਈ ਘਰ ‘ਚ ਪਏ ਚਮਚ ਕੜਛੀਆਂ ਦੀ ਵਰਤੋਂ ਦਾ ਸਹਾਰਾ ਲਿਆ ਗਿਆ ਤੇ ਉਸ ਤਾਲੇ ਨੂੰ ਤੋੜਿਆ ਗਿਆ।
ਦੂਸਰੇ ਪਾਸੇ ਜਦ ਇਸ ਮਾਮਲੇ ਬਾਰੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਏ ਐਸ ਆਈ ਸੁਖਬੀਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਵਿੱਚ ਚੋਰ ਦੀ ਫੁਟੇਜ ਕਵਰ ਕਰ ਲਈ ਗਈ ਹੈ। ਜਿਸ ਨਾਲ ਸਾਨੂੰ ਚੋਰ ਨੂੰ ਫੜਨ ਵਿੱਚ ਸਹਾਇਤਾ ਮਿਲੇਗੀ ਤੇ ਅਸੀਂ ਆਪਣੇ ਪੁਲਿਸ ਵਿਭਾਗ ਦੇ ਅਲੱਗ ਅਲੱਗ ਗਰੁੱਪਾਂ ਵਿੱਚ ਇਸ ਨੂੰ ਭੇਜ ਦਿੱਤਾ ਹੈ ਉਨਾਂ ਦੱਸਿਆ ਕਿ ਸਾਨੂੰ ਸ਼ੱਕ ਹੈ ਕਿ ਇਹ ਚੋਰ ਜੀਰੇ ਇਲਾਕੇ ਦਾ ਨਹੀਂ ਬਲਕਿ ਬਾਹਰ ਦਾ ਹੈ। ਜਿਸ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ ਤੇ ਘਰ ਵਾਲਿਆਂ ਨੂੰ ਇਨਸਾਫ ਦਿੱਤਾ ਜਾਵੇਗਾ ਤੇ ਉਹਨਾਂ ਦਾ ਚੋਰੀ ਕੀਤਾ ਹੋਇਆ ਸਮਾਨ ਵਾਪਸ ਕਰਵਾਇਆ ਜਾਵੇਗਾ ਤੇ ਉਸ ਚੋਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।