ਜ਼ਿਲਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਨੇ ਸ਼ਨਿਚਰਵਾਰ ਨੂੰ ਖਟਕੜ ਕਲਾਂ ਵਿਖੇ ਸਥਿਤ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦਾ ਕੁਨੈਕਸ਼ਨ ਕੱਟੇ ਜਾਣ ਸਬੰਧੀ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ ਸਪੱਸ਼ਟ ਕੀਤਾ ਕਿ ਸ਼ਹੀਦ ਦੇ ਘਰ ਦਾ ਕੋਈ ਬਿਜਲੀ ਬਿੱਲ ਬਕਾਇਆ ਨਹੀਂ ਹੈ। ਐਸ.ਬੀ.ਐਸ.ਨਗਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ, ‘‘ ਇਸ ਇਤਿਹਾਸਕ ਘਰ ਦੇ ਬਿਜਲੀ ਖ਼ਰਚਿਆਂ ਲਈ 6760 ਰੁਪਏ ਦਾ ਐਡਵਾਂਸ ਬਿੱਲ ਪੇਮੈਂਟ ਪਾਵਰਕੌਮ ਨੂੰ ਅਦਾ ਕੀਤੀ ਹੋਈ ਹੈ, ਇਸ ਲਈ ਕੁਨੈਕਸ਼ਨ ਕੱਟਣ ਦਾ ਕੋਈਂ ਸਵਾਲ ਹੀ ਪੈਦਾ ਨਹੀ ਹੁੰਦਾ।’’
ਉਨਾਂ ਮੀਡੀਆ ਦੇ ਇੱਕ ਹਿੱਸੇ ਨੂੰ ਜੱਦੀ ਘਰ ਦਾ ਨਾਮ ਨਾ ਵਰਤਣ ਦੀ ਅਪੀਲ ਵੀ ਕੀਤੀ ਕਿਉਂਕਿ ਇਸ ਇਤਿਹਾਸਕ ਸਥਾਨ ਨਾਲ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ।
ਇਸ ਤੋਂ ਪਹਿਲਾਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੀ ਮੀਡੀਆ ਚੈਨਲਾਂ ਨੂੰ ਸਪੱਸ਼ਟ ਕੀਤਾ ਸੀ ਕਿ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਜਾਂ ਮਿਊਜ਼ੀਅਮ ਦਾ ਬਿਜਲੀ ਕੁਨੈਕਸ਼ਨ ਕਦੇ ਵੀ ਕੱਟਿਆ ਨਹੀਂ ਗਿਆ।
ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਵਿੱਚ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਦੇ ਨਾਂ ’ਤੇ ਵੱਖਰਾ ਬਿਜਲੀ ਕੁਨੈਕਸ਼ਨ ਹੈ।