ਅਹੀਰ ਰੈਜੀਮੈਂਟ ਬਣਾਉਣ ਦੀ ਮੰਗ ਨੂੰ ਲੈ ਕੇ ਹਰਿਆਣਾ ਦੇ ਗੁਰੂਗ੍ਰਮ ’ਚ ਖੇੜਕੀਦੌਲਾ ਟੋਲ ਪਲਾਜ਼ਾ ’ਤੇ ਧਰਨੇ ਦਾ ਸਮਰਥਨ ਕਰਨ ਪਹੁੰਚੇ ਬਾਲੀਵੁੱਡ ਸਿੰਗਰ ਰਾਹੁਲ ਫਾਜ਼ਿਲਪੁਰੀਆ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ ਹੈ। ਦਰਅਸਲ, ਪ੍ਰਦਰਸ਼ਨਕਾਰੀ ਦਿੱਲੀ-ਜੈਪੁਰ ਹਾਈਵੇ ਨੂੰ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਪੁਲਸ ਨੇ ਕਈ ਲੋਕਾਂ ਨੂੰ ਬੱਸ ’ਚ ਭਰ ਕੇ ਹਿਰਾਸਤ ’ਚ ਲੈ ਲਿਆ। ਦੱਸ ਦੇਈਏ ਇਸ ਤੋਂ ਪਹਿਲਾਂ ਪੁਲਸ ਨੇ ਭੀੜ ਨੂੰ ਕਾਬੂ ਕਰਨ ਲਈ ਹਲਕਾ ਲਾਠੀਚਾਰਜ ਵੀ ਕੀਤਾ।
ਦੱਸ ਦੇਈਏ ਕਿ ਪਹਿਲਾਂ ਤੋਂ ਮਿੱਥੇ ਗਏ ਪ੍ਰੋਗਰਾਮ ਤਹਿਤ ਅਹੀਰ ਰੈਜੀਮੈਂਟ ਦੇ ਅੰਦੋਲਨਕਾਰੀ ਸ਼ੁੱਕਰਵਾਰ ਨੂੰ ਖੇੜਕੀਦੌਲਾ ਟੋਲ ਪਲਾਜ਼ਾ ’ਤੇ ਇਕੱਠੇ ਹੋਏ ਸਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਿੱਲੀ-ਜੈਪੁਰ ਨੈਸ਼ਨਲ ਹਾਈਵੇ ਨੰਬਰ-48 ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ। ਧਰਨੇ ਵਾਲੀ ਥਾਂ ਤੋਂ ਉੱਠ ਕੇ ਲੋਕ ਨਾਅਰੇਬਾਜ਼ੀ ਕਰਦੇ ਹੋਏ ਹਾਈਵੇ ਵੱਲ ਚੱਲਣ ਲੱਗੇ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਫੋਰਸ ਤਾਇਨਾਤ ਸੀ। ਪੁਲਸ ਨੇ ਅੰਦੋਲਨਕਾਰੀਆਂ ਨੂੰ ਰੋਡ ਜਾਮ ਕਰਨ ਤੋਂ ਰੋਕਿਆ ਤਾਂ ਲੋਕ ਭੜਕ ਗਏ। ਭੜਕੇ ਲੋਕਾਂ ਨੇ ਪੁਲਸ ’ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਵੀ ਪ੍ਰਦਰਸ਼ਨਕਾਰੀਆਂ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲਸ ਨੇ ਸ਼ੰਘਰਸ਼ ਕਮੇਟੀ ਦੇ ਪ੍ਰਦਰਸ਼ਨਕਾਰੀਆਂ, ਸਿੰਗਰ ਫਾਜ਼ਿਲਪੁਰੀਆ ਨੂੰ ਹਿਰਾਸਤ ’ਚ ਲੈ ਲਿਆ।