ਭਾਰਤ ਅਤੇ ਚਾਰ ਦੇਸ਼ਾਂ ਯੂਰੋਪੀਅਨ ਸਮੂਹ ਈਐਫਟੀਏ ਨੇ ਨਿਵੇਸ਼ ਅਤੇ ਵਸਤਾਂ ਤੇ ਸੇਵਾਵਾ ਦੇ ਦੋ ਤਰਫਾ ਵਪਾਰ ਹੁਲਾਰਾ ਦੇਣ ਲਈ ਅੱਜ ਇਕ ਮੁਕਤ ਵਪਾਰ ਸਮਝੌਤੇ (ਐਫਟੀਏ) ‘ਤੇ ਦਸਤਖ਼ਤ ਕੀਤੇ।ਐਫਟੀਏ ਤਹਿਤ ਈਐਫਟੀਏ ਨੇ ਅਗਲੇ 15 ਸਾਲਾਂ ‘ਚ ਭਾਰਤ ‘ਚ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ।ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਐੱਫਟੀਏ ‘ਤੇ ਦਸਤਖ਼ਤ ਨੂੰ ‘ਇਤਿਹਾਸਕ ਪਲ’ ਕਰਾਰ ਦਿੰਦਿਆਂ ਕਿਹਾ ਕਿ ਇਹ ਭਾਰਤ ਦਾ ਅਜਿਹੇ ਸਮੂਹ ਨਾਲ ਪਹਿਲਾ ਆਧੁਨਿਕ ਵਪਾਰਕ ਕਰਾਰ ਹੈ, ਜਿਸ ‘ਚ ਵਿਕਸਤ ਦੇਸ਼ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਕਿਸੇ ਵਪਾਰ ਕਰਾਰ ‘ਚ ਇਹ ਪਹਿਲਾ ਮੌਕਾ ਹੈ, ਜਦੋਂ ਈਐੱਫਟੀਏ ਨੇ ਅਗਲੇ 15 ਸਾਲ ‘ਚ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਪ੍ਰਗਟਾਈ ਹੈ।ਈਐੱਫਟੀਏ ਦੇ ਮੈਂਬਰ ਦੇਸ਼ਾਂ ‘ਚ ਆਈਸਲੈਂਡ, ਲੀਸ਼ਟੇਂਸਟੀਨ, ਨਾਰਵੇ ਅਤੇ ਸਵਿਟਜ਼ਰਲੈਂਡ ਸ਼ਾਮਿਲ ਹਨ।ਸਮਝੌਤੇ ‘ਚ 14 ਅਧਿਆਏ ਹਨ।ਇਨ੍ਹਾਂ ‘ਚ ਵਸਤੂਆਂ ਦਾ ਵਪਾਰ, ਮੂਲ ਦੇ ਨਿਯਮ, ਬੌਧਿਕ ਸੰਪਤੀ ਅਧਿਕਾਰ (ਆਈਪੀਆਈ), ਸੇਵਾਵਾਂ ‘ਚ ਵਪਾਰ, ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਅਤੇ ਸਹਿਯੋਗ, ਸਰਕਾਰੀ ਖ੍ਰੀਦ, ਵਪਾਰ ‘ਚ ਤਕਨੀਕੀ ਰੁਕਾਵਟਾਂ ਅਤੇ ਵਪਾਰ ਸਹੂਲਤ ਸ਼ਾਮਿਲ ਹਨ।ਈਐਫਟੀਏ ਮੈਂਬਰਾਂ ਤਰਫੋਂ ਸੰਘੀ ਕੌਂਸਲਰ ਗਾਈ ਪਰਮੇਲਿਨ ਨੇ ਕਿਹਾ ਕਿ ਇਹ ਸਮਝੌਤਾ ਆਖਿਰਕਾਰ ਚੰਗੀਆਂ ਨੌਕਰੀਆਂ ‘ਚ ਵਾਧਾ ਕਰਨ ਦੀ ਅਗਵਾਈ ਕਰੇਗਾ।
ਇਸ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਈਐੱਫਟਏ ਵਿਚਾਲੇ ਵਪਾਰਕ ਸਮਝੌਤੇ ‘ਤੇ ਦਸਤਖ਼ਤ ਇਤਿਹਾਸਕ ਪਲ ਹਨ ਕਿਉਂਕਿ ਇਹ ਖੁੱਲ੍ਹੇ, ਨਿਰਪੱਖ ਅਤੇ ਬਰਾਬਰ ਵਪਾਰ ਲਈ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ ਵਚਨਬੱਧ ਟੀਚਿਆਂ ਨੂੰ ਹਾਸਲ ਕਰਨ ਲਈ, ਸਗੋਂ ਉਨ੍ਹਾਂ ਤੋਂ ਅੱਗੇ ਜਾਣ ਲਈ ਵੀ ਇਨ੍ਹਾਂ ਦੇਸ਼ਾਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਾਵੇਗਾ ਅਤੇ ਉਦਯੋਗਾਂ ਅਤੇ ਕਾਰੋਬਾਰਾਂ ਦੀ ਸਹੂਲਤ ਦੇਵੇਗਾ।ਮੋਦੀ ਨੇ ਕਿਹਾ, ’10 ਮਾਰਚ, 2024 ਭਾਰਤ ਅਤੇ ਈਐਫਟੀਏ ਦੇਸ਼ਾਂ ਦੇ ਦੁਵੱਲੇ ਸਬੰਧਾਂ ‘ਚ ਇਕ ਨਵੇਂ ਮੋੜ ਅਤੇ ਇਕ ਇਤਿਹਾਸਕ ਪਲ ਦੀ ਨਿਸ਼ਾਨਦੇਗੀ ਕਰਦੀ ਹੈ।”
ਉਨ੍ਹਾਂ ਇੱਕ ਲਿਖਤੀ ਸੰਦੇਸ਼ ‘ਚ ਕਿਹਾ, ‘ਭਾਰਤ ਈਐੱਫਟੀਏ ਵਪਾਰ ਅਤੇ ਆਰਥਿਕ ਭਾਗੀਦਾਰੀ ਸਮਝੌਤੇ ‘ਤੇ ਦਸਤਖ਼ਤ ਕਰਨ ‘ਚ ਸ਼ਾਮਿਲ ਵਾਰਤਾਕਾਰਾਂ ਅਤੇ ਹਸਤਾਖਰਕਾਰਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ।ਪ੍ਰਧਾਨ ਮੰਤਰੀ ਦਾ ਇਹ ਬਿਆਨ ਵਣਜ ਅਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੇ ਮੰਤਰੀਆਂ ਅਤੇ ਈਐਫਟੀਏ ਦੇਸ਼ਾਂ ਦੇ ਅਧਿਕਾਰੀਆਂ ਦੀ ਮੌਜੂਦਗੀ ‘ਚ ਪੜ੍ਹ ਕੇ ਸੁਣਾਇਆ।