ਸ਼ਾਹਕੋਟ ਵਿਚ ਜ਼ਿਲ੍ਹੇ ਦੇ ਐਂਟਰੀ ਪੁਆਇੰਟ ‘ਤੇ ਲੱਗਦੇ ਹਾਈਟੈੱਕ ਨਾਕਿਆਂ ‘ਤੇ ਤੇਜ਼ ਰਫਤਾਰ ਕਾਰ ਨੇ ਏਐੱਸਆਈ ਨੂੰ ਟੱਕਰ ਮਾਰ ਦਿੱਤੀ। ਸ਼ਾਹਕੋਟ ਵਿਚ ਕਾਰ ਉਨ੍ਹਾਂ ਨੂੰ ਘਸੀਟਦੇ ਹੋਏ ਆਪਣੇ ਨਾਲ ਲੈ ਗਈ ਤੇ ਕੁਝ ਦੂਰੀ ‘ਤੇ ਏਐੱਸਆਈ ਸੁਰਜੀਤ ਡਿਵਾਈਡਰ ‘ਤੇ ਡਿੱਗ ਕੇ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਹੈ।
ਘਟਨਾ ਦੇ ਬਾਅਦ ਥੋੜ੍ਹੀ ਅੱਗੇ ਜਾ ਕੇ ਕਾਰ ਸਵਾਰ ਰੁਕਿਆ ਤੇ ਕਾਰ ਉਥੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਏਐੱਸਆਈ ਸੁਰਜੀਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੂਰੀ ਘਟਨਾ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ ਜਿਸ ਵਿਚ ਕਾਰ ਏਐੱਸਆਈ ਨੂੰ ਟੱਕਰ ਮਾਰਨ ਦੇ ਬਾਅਦ ਕਾਰ ਘਸੀਟਦੇ ਹੋਏ ਲਿਜਾਂਦੀ ਦਿਖਾਈ ਦੇ ਰਹੀ ਹੈ।
ਬਾਜਵਾ ਕਲਾਂ ਦੇ ਰਹਿਣ ਵਾਲੇ ਏਐੱਸਆਈ ਸੁਰਜੀਤ ਸਿੰਘ ਜਲੰਧਰ ਦਿਹਾਤੀ ਪੁਲਿਸ ਵਿਚ ਤਾਇਨਾਤ ਹਨ। ਵੀਰਵਾਰ ਨੂੰ ਉਨ੍ਹਾਂ ਦੀ ਡਿਊਟੀ ਸ਼ਾਹਕੋਟ ਵਿਚ ਸਤਲੁਜ ਦਰਿਆ ਨਾਲ ਲੱਗਦੇ ਕਾਵਾਂ ਪਿੰਡ ਵਿਚ ਹਾਈਟੈੱਕ ਨਾਕੇ ‘ਤੇ ਲਗਾਈ ਗਈ ਸੀ। ਦੁਪਹਿਰ ਸਮੇਂ ਨਾਕੇ ‘ਤੇ ਉਨ੍ਹਾਂ ਨੇ ਸਫੈਦ ਰੰਗ ਦੀ ਜੈੱਨ ਕਾਰਨ ਨੂੰ ਰੁਕਣ ਦਾ ਇਸ਼ਾਰਾ ਕੀਤਾ।
ਡਰਾਈਵਰ ਨੇ ਕਾਰ ਰੋਕਣ ਦੀ ਬਜਾਏ ਉਸ ਨੂੰ ਭਜਾ ਲਿਆ। ਆਪਣੇ ਵੱਲ ਸਪੀਡ ਵਿਚ ਕਾਰ ਆਉਂਦੀ ਦੇਖ ਏਐੱਸਆਈ ਸੁਰਜੀਤ ਨੇ ਸਾਈਡ ਹੋਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਕਾਰ ਏਐੱਸਆਈ ‘ਤੇ ਚੜ੍ਹਾ ਦਿੱਤੀ ਤੇ ਉਨ੍ਹਾਂ ਨੂੰ ਘਸੀਟਦੇ ਹੋਏ ਕੁ ਦੂਰੀ ‘ਤੇ ਡਿਵਾਈਡਰ ‘ਤੇ ਜਾ ਕੇ ਡਿੱਗਾ ਦਿੱਤਾ। ਇਸ ਦੇ ਬਾਅਦ ਕਾਰ ਦੁਬਾਰਾ ਹਾਈਵੇ ‘ਤੇ ਆਈ ਤੇ ਰੇਲਿੰਗ ਨਾਲ ਟਕਰਾ ਕੇ ਰੁਕ ਗਈ। ਡਰਾਈਵਰ ਤੁਰੰਤ ਕਾਰ ਤੋਂ ਉਤਰਿਆ ਤੇ ਫਰਾਰ ਹੋ ਗਿਆ।