Sri Guru Arjun Dev ji : ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਿੱਖ ਇਤਿਹਾਸ ਵਿੱਚ ਸ਼ਹੀਦਾਂ ਦੇ ਸਿਰਤਾਜ ਵਜੋਂ ਸਿਖ਼ਰ ਸਨਮਾਨ ਹਾਸਲ ਹੈ। ਸ਼ਹਾਦਤ ਸ਼ਬਦ ਪੜ੍ਹਦਿਆਂ, ਸੁਣਦਿਆਂ ਹੀ ਪੰਚਮ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਂਦੇ ਹਨ। ਗੁਰੂ ਜੀ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਲੋਕ-ਪੀੜਾ ਅਤੇ ਲੋਕਾਈ ਦੇ ਦਰਦ ਨੂੰ ਆਪਣੇ ਪਿੰਡੇ ’ਤੇ ਝੱਲਦਿਆਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ। ਇਸ ਸ਼ਹਾਦਤ ਦਾ ਸਿੱਖ ਲਹਿਰ ਅਤੇ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਦੂਰਗਾਮੀ ਅਸਰ ਹੋਇਆ।
ਸਿੱਖ ਲਹਿਰ ਨੇ ਇਕ ਨਵਾਂ ਮੋੜ ਲਿਆ ਤੇ ਲੋਕ ਕਲਿਆਣਕਾਰੀ ਸ਼ਕਤੀ ਜ਼ੋਰਦਾਰ ਤਰੀਕੇ ਨਾਲ ਉੱਭਰੀ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇਸ਼ ਤੇ ਕੌਮ ਦੀ ਉਸਾਰੀ ਦੇ ਇਤਿਹਾਸ ਵਿੱਚ ਇਕ ਮਹਾਨ ਤੇ ਯੁਗ ਪਲਟਾਊ ਘਟਨਾ ਹੈ। ਇਸ ਸ਼ਹੀਦੀ ਨਾਲ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦਾ ਨਵਾਂ ਅਧਿਆਇ ਆਰੰਭ ਹੋਇਆ।
ਸ਼ਹੀਦ ਤੇ ਸ਼ਹਾਦਤ ਅਰਬੀ ਭਾਸ਼ਾ ਦੇ ਸ਼ਬਦ ਹਨ। ਸ਼ਹੀਦ ਦਾ ਭਾਵ ਆਪਣੇ ਈਮਾਨ ਦੀ ਗਵਾਹੀ ਦੇਣ ਵਾਲਾ ਜਾਂ ਧਰਮ ਯੁੱਧ ਵਿਚ ਸ਼ਹੀਦ ਹੋਣ ਵਾਲਾ ਹੈ। ਇਹ ਇਕ ਪਵਿੱਤਰ ਸ਼ਬਦ ਹੈ, ਜਿਸ ਵਿੱਚ ਨਿੱਜੀ ਲਾਲਸਾ ਨੂੰ ਕੋਈ ਥਾਂ ਨਹੀਂ ਹੈ। ਕਿਸੇ ਉਚੇ-ਸੁੱਚੇ ਉਦੇਸ਼ ਲਈ ਨਿਸ਼ਕਾਮ ਰਹਿ ਕੇ ਸਰੀਰ ਦੀ ਕੁਰਬਾਨੀ ਦੇਣ ਵਾਲਾ ਸ਼ਹੀਦ ਹੈ। ਸ਼ਹੀਦ ਆਪਣੇ ਵਿਸ਼ਵਾਸ ਦੀ ਗਵਾਹੀ ਸਿਦਕ ਨਾਲ ਭਰਮ ਭਉ ਤੋਂ ਰਹਿਤ ਹੋ ਕੇ ਦਿੰਦਾ ਹੈ। ਭਾਈ ਗੁਰਦਾਸ ਜੀ ਅਨੁਸਾਰ ਉਹ ਸ਼ਹੀਦ ਅਖਵਾਉਣ ਦਾ ਹੱਕਦਾਰ ਹੈ, ਜਿਸ ਵਿੱਚ ਸਬਰ, ਸਿਦਕ ਆਦਿ ਜਿਹੇ ਅਮੋਲਕ ਗੁਣ ਹੋਣ:
ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾ। (ਵਾਰ 3, ਪਉੜੀ 18)
ਸ੍ਰੀ ਗੁਰੂ ਅਰਜਨ ਦੇਵ ਜੀ ਪਾਵਨ ਸ਼ਹੀਦੀ ਦਾ ਮੂਲ ਤੇ ਮੁੱਖ ਕਾਰਨ ਸਿੱਖ-ਸਿਧਾਂਤ ਤੇ ਆਚਾਰ ਵਿਚਾਰ ਦਾ ਨਿਆਰਾਪਨ ਸੀ। ਇਸ ਦੇ ਦਿਨੋਂ ਦਿਨ ਵਧ ਰਹੇ ਤੇਜ ਪ੍ਰਤਾਪ ਨੂੰ ਬਰਦਾਸ਼ਤ ਕਰਨਾ ਇਸਲਾਮ ਤੇ ਤੁਅੱਸਬੀ ਬਾਦਸ਼ਾਹ, ਧਰਮ ਦੇ ਕੱਟੜਪੰਥੀ ਠੇਕੇਦਾਰਾਂ ਲਈ ਮੁਸ਼ਕਲ ਹੋ ਚੁੱਕਾ ਸੀ। ਪੰਜਵੇਂ ਪਾਤਸ਼ਾਹ ਦੀ ਚੜ੍ਹਦੀ ਕਲਾ ਅਤੇ ਬੇਬਾਕ ਬਿਆਨ ਜਿਥੇ ਉਨ੍ਹਾਂ ਦੇ ਧਰਮ-ਕਰਮ ਦੀ ਵਿਲੱਖਣਤਾ, ਕਥਨੀ ਕਰਨੀ ਦੀ ਸੁਤੰਤਰਤਾ, ਸੁਭਾਅ ਦੀ ਨਿਰਭੈਤਾ ਅਤੇ ਸਿੱਖ ਲਹਿਰ ਦੇ ਅੱਗੇ ਵੱਧਣ ਦਾ ਸੂਚਕ ਸੀ, ਉਥੇ ਕਰਮਕਾਂਡੀ ਤੇ ਤੁਅੱਸਬੀ ਸ਼ਕਤੀਆਂ ਨੂੰ ਭਾਰੀ ਚੁਣੌਤੀ ਵੀ ਸੀ। ਅਜਿਹਾ ਸਮੇਂ ਦੇ ਹਾਕਮਾਂ ਨੂੰ ਬਿਲਕੁਲ ਹੀ ਪ੍ਰਵਾਨ ਨਹੀਂ ਸੀ।
ਉਨ੍ਹਾਂ ਨੇ ਵਿਉਂਤਾਂ ਗੁੰਦੀਆਂ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਖ਼ਤਮ ਕਰ ਦਿੱਤਾ ਜਾਵੇ, ਤਾਂ ਜੋ ਮੁੜ ਅਜਿਹੀ ਲਹਿਰ ਨਾ ਚੱਲੇ ਤੇ ਸਿੱਖ ਧਰਮ ਦਾ ਖਾਤਮਾ ਹੋ ਜਾਵੇਗਾ ਪਰ ਇਤਿਹਾਸ ਗਵਾਹ ਹੈ ਕਿ ਹੋਇਆ ਇਸ ਦੇ ਬਿਲਕੁਲ ਉਲਟ। ਕੇਵਲ ਮੁਗ਼ਲ ਬਾਦਸ਼ਾਹ ਜਹਾਂਗੀਰ ਤੇ ਮੁਗ਼ਲੀਆ ਰਾਜ ਦਾ ਖਾਤਮਾ ਹੀ ਨਹੀਂ ਹੋਇਆ, ਸਗੋਂ ਮੁਗ਼ਲ ਖਾਨਦਾਨ ਤੇ ਮੁਗ਼ਲ ਕੌਮ ਦਾ ਵੀ ਸਦਾ ਲਈ ਭੋਗ ਪੈ ਗਿਆ। ਦੂਸਰੇ ਪਾਸੇ ਸਿੱਖ ਲਹਿਰ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਦਿਨੋਂ-ਦਿਨ ਵਧਦੀ ਫੁਲਦੀ ਤੇ ਉਚੇਰੀ ਹੁੰਦੀ ਗਈ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਗੱਲ ਕਰੀਏ ਤਾਂ ਜਿਵੇਂ ਹਰ ਵਿਅਕਤੀ ਤੇ ਹਾਕਮ ਪਾਪ ਜਾਂ ਜ਼ੁਲਮ ਕਰਨ ਤੋਂ ਬਾਅਦ ਉਸਨੂੰ ਲੁਕਾਉਣ ਦਾ ਯਤਨ ਕਰਦਾ ਹੈ, ਠੀਕ ਇਹੀ ਕੁਝ ਮੁਗ਼ਲ ਹਕੂਮਤ ਨੇ ਵੀ ਕੀਤਾ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲ ਕਾਰਨਾਂ ਨੂੰ ਛੁਪਾ ਕੇ ਕਈ ਤਰ੍ਹਾਂ ਦੇ ਬੇ-ਬੁਨਿਆਦ ਕਾਰਨ ਘੜ ਕੇ ਪ੍ਰਚੱਲਿਤ ਕੀਤੇ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਬਾਦਸ਼ਾਹ ਜਹਾਂਗੀਰ ਦੀ ਧਾਰਮਿਕ ਕੱਟੜਤਾ ਤੇ ਤੰਗਦਿਲੀ ਸੀ। ਅਸਲ ਵਿੱਚ ਜਹਾਂਗੀਰ ਮੌਕੇ ਦੀ ਭਾਲ ਵਿਚ ਸੀ ਕਿ ਕਦੋਂ ਕੋਈ ਬਹਾਨਾ ਮਿਲੇ ਤੇ ਉਹ ਸਿੱਖ ਲਹਿਰ ਨੂੰ ਖ਼ਤਮ ਕਰ ਦੇਵੇ ਤੇ ਉਨ੍ਹਾਂ ਦੇ ਮੁਖੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮੁਸਲਮਾਨ ਬਣਾ ਲਵੇ ਜਾਂ ਸ਼ਹੀਦ ਕਰ ਦੇਵੇ। ਇਸ ਗੱਲ ਦਾ ਜ਼ਿਕਰ ਉਹ ਆਪਣੀ ਸਵੈ-ਜੀਵਨੀ ’ਤੁਜਕੇ ਜਹਾਂਗੀਰੀ’ ਵਿੱਚ ਵੀ ਕਰਦਾ ਹੈ।
ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਸਮੇਂ ਕਈ ਤਰ੍ਹਾਂ ਦੇ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਿੰਦਿਆਂ ’ਤੇਰਾ ਕੀਆ ਮੀਠਾ ਲਾਗੈ’ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ’ਤੇ ਪਵਾ ਲਿਆ। ਦੇਗ ਵਿਚ ਉਬਾਲੇ ਵੀ ਖਾਧੇ, ਪਰ ਜ਼ੋਰ ਤੇ ਜ਼ਬਰ ਅੱਗੇ ਸੀਸ ਨਹੀਂ ਝੁਕਾਇਆ।
ਉਹ ਪ੍ਰਮਾਤਮਾ ਦੀ ਰਜ਼ਾ ਵਿੱਚ ਰਾਜੀ ਸਨ। ਇਸ ਤਰ੍ਹਾਂ ਅਕਹਿ ਤੇ ਅਸਹਿ ਕਸ਼ਟ ਦੇ ਕੇ ਗੁਰੂ ਜੀ ਨੂੰ ਲਾਹੌਰ ਵਿਖੇ 1606 ਈ. ਵਿਚ ਸ਼ਹੀਦ ਕੀਤਾ ਗਿਆ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ’ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ’ਡੇਰਾ ਸਾਹਿਬ’ ਸਥਿਤ ਹੈ। ਗੁਰੂ ਜੀ ਦੀ ਖਾਮੋਸ਼ ਸ਼ਹਾਦਤ ਨੇ ਸਿੱਖ ਕੌਮ ਵਿੱਚ ਜ਼ਬਰ ਵਿਰੁੱਧ ਬਗਾਵਤ ਦਾ ਅਥਾਹ ਜੋਸ਼ ਭਰ ਦਿੱਤਾ ਤੇ ਪਿਆਰ ਭਰੇ ਜਜ਼ਬੇ ਦੇ ਨਾਲ ਤਲਵਾਰ ਵੀ ਸਿੱਖਾਂ ਦਾ ਸ਼ਿੰਗਾਰ ਬਣ ਗਈ, ਹੁਣ ਇਹ ਅਨੁਭਵ ਕੀਤਾ ਜਾਣ ਲੱਗ ਪਿਆ ਹੈ ਕਿ ਧਰਮ ਰੱਖਿਆ ਤੇ ਸਵੈਮਾਣ ਲਈ ਤਾਕਤ ਤੇ ਜਥੇਬੰਦੀ ਦਾ ਹੋਣਾ ਜ਼ਰੂਰੀ ਹੈ।
ਦੁਨੀਆਂ ਵਿਚ ਕੋਈ ਵੀ ਗੱਲ ਹੋਵੇ ਅਸਰ ਪਾਏ ਬਿਨਾਂ ਨਹੀਂ ਰਹਿੰਦੀ ਇਹ ਤਾਂ ਇਕ ਮਹਾਂਪੁਰਸ਼ ਦੀ ਸ਼ਹਾਦਤ ਸੀ। ਇਹ ਕਿਵੇਂ ਅਸਰ ਪਾਏ ਬਿਨਾਂ ਰਹਿ ਸਕਦੀ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨਣਾ, ਸ਼ਸਤਰ ਇਕੱਠੇ ਕਰਨਾ, ਕਿਲ੍ਹੇ ਬਣਵਾਉਣਾ, ਸ੍ਰੀ ਅਕਾਲ ਤਖਤ ਸਾਹਿਬ ਹੋਂਦ ਵਿੱਚ ਲਿਆਉਣਾ, ਸ਼ਾਹੀ ਫੌਜ ਦਾ ਡੱਟ ਕੇ ਟਾਕਰਾ ਕਰਨਾ, ਉਨ੍ਹਾਂ ਨੂੰ ਕਰਾਰੀ ਹਾਰ ਦੇਣਾ, ਸੰਤ ਸਿਪਾਹੀ ਬਣਾਉਣਾ ਇਸ ਸ਼ਹਾਦਤ ਦੇ ਫਲਸਰੂਪ ਹੀ ਅਮਲ ਵਿੱਚ ਆਏ ਸਨ।
ਪੰਚਮ ਪਾਤਸ਼ਾਹ ਦੀ ਸ਼ਹਾਦਤ ਸਿੱਖ ਕੌਮ ਲਈ ਇਕ ਪ੍ਰੇਰਣਾ ਬਣੀ, ਜਿਸ ਨੇ ਅੱਗੇ ਜਾ ਕੇ ਦੁਨੀਆਂ ਦੇ ਧਾਰਮਿਕ ਇਤਿਹਾਸ ’ਤੇ ਨਿਵੇਕਲਾ ਅਤੇ ਨਾ ਮਿਟਣ ਵਾਲਾ ਅਸਰ ਪਾਇਆ। ਇਹ ਸ਼ਹਾਦਤ ਅੱਜ ਵੀ ਸਿੱਖ ਕੌਮ ਲਈ ਪ੍ਰੇਰਣਾ ਦਾ ਸੋਮਾ ਹੈ। ਕੌਮੀ ਜਜ਼ਬੇ ਨੂੰ ਹੋਰ ਉਭਾਰਨ ਲਈ ਅਤੇ ਭਵਿੱਖ ਦੀਆਂ ਤਰਜ਼ੀਹਾਂ ਨਿਰਧਾਰਤ ਕਰਨ ਲਈ ਇਹ ਇਤਿਹਾਸ ਹੀ ਵੱਡਮੁੱਲੀ ਸ਼ਕਤੀ ਹੈ। ਸਮੁੱਚੇ ਸਿੱਖ ਜਗਤ ਨੇ ਇਸ ਦਿਹਾੜੇ ’ਤੇ ਕੌਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਹੋਣ ਦਾ ਪ੍ਰਣ ਕਰਨਾ ਹੈ। ਸੋ ਆਓ! ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ ਗੁਰੂ ਸਾਹਿਬ ਦੀ ਮਹਾਨ ਕੁਰਬਾਨੀ ਤੇ ਸ਼ਹੀਦੀ ਫਲਸਫੇ ਨੂੰ ਹਿਰਦਿਆਂ ਵਿੱਚ ਵਸਾਈਏ ਅਤੇ ਬਾਣੀ ਤੇ ਬਾਣੇ ਦੇ ਧਾਰਨੀ ਬਣੀਏ।