ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ 28 ਅਗਸਤ ਨੂੰ ਹੋਵੇਗੀ ਤੇ ਇਸ ਦੌਰਾਨ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਬੀਤੇ ਦਿਨ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਹਨ। ਜਾਣਕਾਰੀ ਅਨੁਸਾਰ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਬਾਅਦ ਦੁਪਹਿਰ 3.30 ਵਜੇ ਹੋਣ ਵਾਲੀ ਇਸ ਆਨਲਾਈਨ ਮੀਟਿੰਗ ’ਚ ਪ੍ਰਧਾਨ ਦੀ ਚੋਣ ਲਈ ਪ੍ਰੋਗਰਾਮ ਨੂੰ ਪ੍ਰਵਾਨਗੀ ਦੇਣ ਦੇ ਨਾਲ ਹੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਲੀਡਰਸ਼ਿਪ ’ਚ ਭਰੋਸਾ ਜ਼ਾਹਿਰ ਕੀਤਾ ਜਾ ਸਕਦਾ ਹੈ।
ਇਹ ਜਿਕਰਯੋਗ ਹੈ ਕਿ ਆਜ਼ਾਦ ਦੇ ਅਸਤੀਫੇ ਤੇ ਉਸ ਵੱਲੋਂ ਪਾਰਟੀ ਦੀ ਕੀਤੀ ਜਾ ਰਹੀ ਆਲੋਚਨਾ ਦੇ ਸੰਦਰਭ ਵਿੱਚ ਇਹ ਅਹਿਮ ਹੋਵੇਗਾ।
ਸੀਡਬਲਿਊਸੀ ਦੀ ਇਹ ਅਹਿਮ ਮੀਟਿੰਗ ਤੋਂ ਪਹਿਲਾਂ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਣ ਵਿੱਚ ਪਹਿਲਾਂ ਤੋਂ ਤੈਅ ਪ੍ਰੋਗਰਾਮ ਮੁਕਾਬਲੇ ਕੁਝ ਹਫ਼ਤੇ ਦੀ ਦੇਰੀ ਹੋ ਸਕਦੀ ਹੈ ਤੇ ਅਕਤੂਬਰ ’ਚ ਪਾਰਟੀ ਨੂੰ ਕੁੱਲਵਕਤੀ ਪ੍ਰਧਾਨ ਮਿਲ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਗੁਲਾਮ ਨਬੀ ਆਜ਼ਾਦ ਜਲਦ ਬਣਾਉਣਗੇ ਆਪਣੀ ਪਾਰਟੀ..
ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਅਜਿਹੇ ਸਮੇਂ ਹੋਵੇਗੀ ਜਦੋਂ ਸੋਨੀਆ ਗਾਂਧੀ ਮੈਡੀਕਲ ਜਾਂਚ ਲਈ ਵਿਦੇਸ਼ ’ਚ ਹਨ। ਉਨ੍ਹਾਂ ਨਾਲ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਵੀ ਗਏ ਹਨ। ਸੂਤਰਾਂ ਅਨੁਸਾਰ ਇਹ ਤਿੰਨੇ ਆਗੂ ਮੀਟਿੰਗ ’ਚ ਆਨਲਾਈਨ ਸ਼ਾਮਲ ਹੋਣਗੇ।