ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਉਤਰ ਭਾਰਤ ‘ਚ ਪੈ ਰਹੀ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਦੀ ਰਫ਼ਤਾਰ ਮੱਠੀ ਪਾ ਦਿੱਤੀ ਹੈ।ਲੋਹੜੀ ਦੀ ਰਾਤ ਪੰਜਾਬ ਤੇ ਹਰਿਆਣਾ ‘ਚ ਸੀਜ਼ਨ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਜਦੋਂ ਪੰਜਾਬ ਦੇ ਨਵਾਂ ਸ਼ਹਿਰ ‘ਚ ਘੱਟੋ ਘੱਟ ਤਾਪਮਾਨ ਸਿਫਰ ਤੱਕ ਪਹੁੰਚ ਗਿਆ।
ਦੂਜੇ ਪਾਸੇ ਹਰਿਆਣਾ ‘ਚ ਮਹਿੰਦਰਗੜ੍ਹ ਸਭ ਤੋਂ ਠੰਢਾ ਰਿਹਾ ਜਿੱਥੇ ਤਾਪਮਾਨ 2 ਡਿਗਰੀ ਦਰਜ ਕੀਤਾ।ਮੌਸਮ ਵਿਗਿਆਨੀਆਂ ਨੇ 15 ਜਨਵਰੀ ਨੂੰ ਪੰਜਾਬ ‘ਚ ਸੰਘਣੀ ਧੁੰਦ ਤੇ ਠੰਢ ਸਬੰਧੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ।ਇਸ ਦੇ ਨਾਲ ਹੀ 16 ਜਨਵਰੀ ਨੂੰ ਵੀ ਹਾਲਾਤ ਇਹੋ ਜਿਹੇ ਹੀ ਰਹਿਣ ਦੀ ਸੰਭਾਵਨਾ ਹੈ।
ਕੌਮੀ ਰਾਜਧਾਨੀ ਦਿੱਲੀ ‘ਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਦਰਜ ਕੀਤਾ ਗਿਆ ਜਦੋਂ ਘੱਟੋ ਘੱਟ ਤਾਪਮਾਨ 3.5 ਡਿਗਰੀ ਰਿਹਾ।ਇਸੇ ਤਰ੍ਹਾਂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ‘ਤੇ ਤਾਪਮਾਨ ਮਨਫੀ ਤੋਂ ਹੇਠਾਂ ਚੱਲ ਰਿਹਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰ ਸਮੇਂ ਪੰਜਾਬ, ਹਰਿਆਣਾ, ਤੇ ਚੰਡੀਗੜ੍ਹ ‘ਚ ਸੀਤ ਲਹਿਰ ਚੱਲਣ ਦੇ ਨਾਲ ਨਾਲ ਸੰਘਣੀ ਧੁੰਦ ਵੀ ਛਾਈ ਰਹੀ।ਸੰਘਣੀ ਧੁੰਦ ਕਾਰਨ ਦਿਖਣ ਹੱਦ ਘਟਣ ਕਰਕੇ ਜ਼ੀਰਕਪੁਰ ‘ਚ ਇਕ ਕਾਰ ਸੁਖਨਾ ਚੋਅ ‘ਚ ਡਿੱਗ ਗਈ।
ਇਸੇ ਤਰ੍ਹਾਂ ਪੰਜਾਬ ‘ਚ ਵੀ ਕਈ ਥਾਵਾਂ ‘ਤੇ ਸੜਕ ਹਾਦਸੇ ਵਾਪਰੇ ਹਨ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਜਧਾਨੀ ਚੰਡੀਗੜ੍ਹ ‘ਚ ਘੱਟ ਤੋਂ ਘੱਟ ਤਾਪਮਾਨ 3.2 ਡਿਗਰੀ ਦਰਜ ਕੀਤਾ ਹੈ।ਇਸੇ ਤਰ੍ਹਾਂ ਅੰਮ੍ਰਿਤਸਰ ‘ਚ 4.1 ਡਿਗਰੀ, ਲੁਧਿਆਣਾ ‘ਚ 2.5. ਪਟਿਆਲਾ ‘ਚ 3.4, ਪਠਾਨਕੋਟ ‘ਚ 6.2, ਬਠਿੰਡਾ ‘ਚ 4.2, ਫਰੀਦਕੋਟ ‘ਚ 4, ਗੁਰਦਾਸਪੁਰ ‘ਚ 4.5, ਫਤਹਿਗੜ੍ਹ ਸਾਹਿਬ ‘ਚ 3 ਤੇ ਮੁਹਾਲੀ ‘ਚ 5 ਡਿਗਰੀ ਤਾਪਮਾਨ ਦਰਜ ਕੀਤਾ ਹੈ।