ਸਥਾਨਕ ਸਰਕਾਰਾਂ ਮੰਤਰੀ ਨੇ ਸੂਬੇ ਵਾਸੀਆਂ ਨੂੰ ਕਚਰਾ ਤੇ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦੀ ਅਪੀਲ ਕੀਤੀ
ਨਗਰ ਨਿਗਮ ਕਮਿਸ਼ਨਰਾਂ ਨੂੰ ਸੁਰੱਖਿਅਤ ਦੀਵਾਲੀ ਮਨਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਦਿੱਤੇ ਨਿਰਦੇਸ਼
ਕਿਹਾ, ਸਜਾਵਟ ਲਈ ਪਲਾਸਟਿਕ ਸਮੱਗਰੀ ਦੀ ਥਾਂ ਕੁਦਰਤੀ ਫੁੱਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾਵੇ
ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਸਮੁੱਚੇ ਪ੍ਰਾਜੈਕਟ ਸਮੇਂ ਸਿਰ ਅਤੇ ਗੁਣਵੱਤਾ ਅਨੁਸਾਰ ਮੁਕੰਮਲ ਕਰਨ ਲਈ ਕਿਹਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਵਚਨਬੱਧ ਹੈ, ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਕਚਰਾ ਤੇ ਪ੍ਰਦੂਸ਼ਣ ਮੁਕਤ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਵਚਨਬੱਧ ਹੈ।
ਅੱਜ ਇੱਥੇ ਮਿਉਸੀਪਲ ਭਵਨ ਵਿਖੇ ਸਮੂਹ ਨਗਰ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਮੀਟਿੰਗ ਦੌਰਾਨ ਬਲਕਾਰ ਸਿੰਘ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ `ਸਵੱਛ ਦੀਵਾਲੀ ਅਤੇ ਸ਼ੁਭ ਦੀਵਾਲੀ` ਮਨਾਉਣ ਲਈ ਆਪਣੇ ਆਪਣੇ ਸ਼ਹਿਰ ਵਿੱਚ ਸਫਾਈ ਵਿਵਸਥਾ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ।ਉਨ੍ਹਾਂ ਸੂਬਾ ਵਾਸੀਆਂ ਨੂੰ ਅਪੀਲ ਕੀਤੀ ਕਿ ਊਹ ਕਚਰਾ ਅਤੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਅਤੇ ਵਾਤਾਵਰਨ ਸ਼ੁੱਧ ਕਰਨ ਦੇ ਸਰਕਾਰ ਦੇ ਯਤਨਾਂ `ਚ ਸਹਿਯੋਗੀ ਬਣਨ।
ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਮਿਲ ਕੇ ਸਾਫ, ਵਾਤਾਵਰਣ ਅਨੁਕੂਲ ਅਤੇ ਕੂੜਾ-ਕਚਰਾ ਮੁਕਤ ਦੀਵਾਲੀ ਮਨਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸੂਬੇ ਵਿੱਚ ਸਾਫ ਸਫਾਈ ਦਾ ਵਿਸ਼ੇਸ ਧਿਆਨ ਰੱਖਣ ਲਈ ਆਪਣੇ ਆਪਣੇ ਸ਼ਹਿਰ ਵਿੱਚ ਸਿੰਗਲ ਯੂਜ਼ ਪਲਾਸਟਿਕ ਆਇਟਮਾਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਮਾਰਕਿਟ ਐਸੋਸੀਏਸ਼ਨ, ਟ੍ਰੇਡ ਐਸੋਸੀਏਸ਼ਨ, ਰੇਜਿਡੈਂਡ ਵੇਲਫੇਅਰ ਐਸੋਸੀਏਸ਼ਨਾਂ ਅਤੇ ਵਾਰਡ ਕਮੇਟੀਆਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਮੁਹਿੰਮ ਵਿੱਚ ਸਵੈ-ਸਹਾਇਤਾ ਸਮੂਹਾਂ, ਐਨ.ਜੀ.ਓਜ਼, ਯੂਥ ਕਲੱਬਾਂ ਅਤੇ ਨਾਗਰਿਕ ਸਮੂਹਾਂ ਨੂੰ ਸ਼ਾਮਲ ਕੀਤਾ ਜਾਵੇ।
ਬਲਕਾਰ ਸਿੰਘ ਨੇ ਕਿਹਾ ਕਿ ਦੀਵਾਲੀ ਮੌਕੇ ਸਥਾਨਕ ਉਤਪਾਦਾਂ ਦੀ ਵਰਤੋਂ ਅਤੇ ਸਿੰਗਲ ਯੂਜ਼ ਪਲਾਸਟਿਕ ਦੇ ਵਿਕਲਪਾਂ ਦੀ ਵਰਤੋਂ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਸਫਾਈ ਮਿੱਤਰਾਂ ਦਾ ਖਾਸ ਧਿਆਨ ਰੱਖਦੇ ਹੋਏ ਉਨ੍ਹਾਂ ਨੂੰ ਫੇਸ ਮਾਸਕ, ਅੱਖਾਂ ਦੀ ਸੁਰੱਖਿਆ ਲਈ ਚਸ਼ਮਾ ਅਤੇ ਦੀਵਾਲੀ ਦਾ ਜਸ਼ਨ ਮਨਾਉਣ ਲਈ ਸਥਾਨਕ ਉਤਪਾਦ ਮਹੱਈਆ ਕਰਵਾਏ ਜਾਣ ।ਉਨ੍ਹਾਂ ਇਹ ਵੀ ਕਿਹਾ ਕਿ ਆਰ.ਆਰ.ਆਰ. (ਰਿਡਊਸ, ਰਿ-ਯੂਜ਼, ਰਿਸਾਈਕਲ) ਸੈਂਟਰਾਂ ਨੂੰ ਤੇਜ਼ੀ ਨਾਲ ਕਾਰਜਸ਼ੀਲ ਕੀਤਾ ਜਾਵੇ। ਉਨ੍ਹਾਂ ਸੂਬੇ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਸ਼ੁਭ ਦੀਵਾਲੀ ਸਵੱਛਤਾ ਨਾਲ ਮਨਾਉਣ ਦੀ ਵਚਨਬੱਧਤਾ mygov.app ਰਾਹੀਂ ਦਰਸਾਉਣ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਸਵੱਛ ਦੀਵਾਲੀ ਮਨਾਉਣ ਲਈ ਸਹੁੰ ਚੁਕਾਈ ਜਾਵੇ ਅਤੇ ਦੀਵਾਲੀ ਦੇ ਇਸ ਮੌਕੇ ਤੇ ਸ਼ਹਿਰਾਂ ਵਿੱਚ ਕਿਸੇ ਵੀ ਅਣ-ਸੁਖਾਵੀਂ ਘਟਨਾ ਤੋਂ ਨਿਪਟਣ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।
ਸਥਾਨਕ ਸਰਕਾਰਾਂ ਮੰਤਰੀ ਨੇ ਅੱਗੇ ਕਿਹਾ ਕਿ ਦੀਵਾਲੀ ਮੇਲੇ ਲਈ ਸਟਾਲ ਅਲਾਟਮੈਂਟ ਮੌਕੇ ਪਲਾਸਟਿਕ ਦੇ ਥੈਲਿਆਂ ਅਤੇ ਹੋਰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨਾ, ਸੁੱਕਾ ਕੂੜਾ ਥੈਲਿਆਂ ਵਿੱਚ ਰੱਖਣਾ/ ਕੂੜਾ ਨਾ ਖਿਲਾਰਨਾ ਆਦਿ ਦੀ ਸ਼ਰਤ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਮੇਲਾ ਖੇਤਰਾਂ ਤੋਂ ਸੁੱਕੇ ਕੂੜੇ ਨੂੰ ਇਕੱਠਾ ਕਰਨਾ ਅਤੇ ਮੇਲਾ ਖਤਮ ਹੋਣ ਤੋਂ ਬਾਅਦ ਮੈਦਾਨ ਦੀ ਸਫਾਈ ਦਾ ਵਿਸ਼ੇਸ਼ ਪ੍ਰਬੰਧ, ਦੁਕਾਨਾਂ ਵਿੱਚ ਮਿਠਾਈਆਂ/ ਤੋਹਫ਼ਿਆਂ ਦੀ ਸਜਾਵਟ ਲਈ ਪਲਾਸਟਿਕ ਦੀਆਂ ਫਿਲਮਾਂ ਦੀ ਵਰਤੋਂ ਨਾ ਕਰਨਾਂ, ਪਲਾਸਟਿਕ ਦੀ ਸਜਾਵਟ ਸਮੱਗਰੀ ਦੀ ਥਾਂ `ਤੇ ਕੁਦਰਤੀ ਫੁੱਲਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ, ਧਾਰਮਿਕ ਸਥਾਨਾਂ ਅਤੇ ਫੁੱਲਾਂ ਦੀਆਂ ਦੁਕਾਨਾਂ/ਸਟਾਲਾਂ ਤੋਂ ਫੁੱਲਾਂ ਦੇ ਵੇਸਟ ਨੂੰ ਇਕੱਠਾ ਕਰਨਾ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇ।