ਚੰਡੀਗੜ੍ਹ: ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਚੋਣ ਵਾਅਦਾ ਕੈਬਨਿਟ ਦੇ ਭਰੋਸਿਆਂ, ਕਾਗਜ਼ੀ ਨੋਟੀਫਿਕੇਸ਼ਨ ਮਗਰੋਂ ਅਫਸਰਾਂ ਦੀ ਕਮੇਟੀ ਦੇ ਹਵਾਲੇ ਕਰਕੇ ਅਣਮਿੱਥੇ ਸਮੇਂ ਲਈ ਲਟਕਾ ਦਿੱਤਾ ਗਿਆ ਹੈ।ਆਪ ਸਰਕਾਰ ਵੱਲੋਂ ਐੱਨ.ਪੀ.ਐੱਸ ਮੁਲਾਜ਼ਮਾਂ ਨਾਲ਼ ਕੀਤੀ ਇਸ ਵਾਅਦਾਖਿਲਾਫ ਦੇ ਰੋਸ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਇਸੜੂ ਭਵਨ ਲੁਧਿਆਣਾ ਵਿਖੇ ਸੂਬਾ ਕਮੇਟੀ ਮੀਟਿੰਗ ਕਰਕੇ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੀ ਅਗਵਾਈ ਵਿੱਚ 19 ਫਰਵਰੀ ਨੂੰ ਚੰਡੀਗੜ ਵਿਖੇ ਹੋਣ ਜਾ ਰਹੀ ਵਿਸ਼ਾਲ ਮੁਲਾਜ਼ਮ-ਪੈਨਸ਼ਨਰਜ਼ ਰੈਲੀ ਵਿੱਚ ਭਰਵੀੰ ਗਿਣਤੀ ਨਾਲ਼ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਸੂਬਾ ਕਨਵੀਨਰ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ-ਯੂਟੀ ਫਰੰਟ ਮੁੱਖ ਤੌਰ ਤੇ ਮੁਲਾਜ਼ਮ ਫੈਡਰੇਸ਼ਨਾਂ ਤੇ ਅਧਾਰਤ ਸਾਂਝਾ ਸੰਘਰਸ਼ੀ ਮੰਚ ਹੈ ਜਿਸ ਵਿੱਚ ਪੀਪੀਪੀਐਫ, ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਬੈਨਰ ਹੇਠ ਰੈਲੀ ਦਾ ਹਿੱਸਾ ਬਣੇਗਾ। ਫਰੰਟ ਦੇ ਸੂਬਾਈ ਆਗੂਆਂ ਗੁਰਬਿੰਦਰ ਖਹਿਰਾ, ਜਸਵੀਰ ਭੰਮਾ, ਇੰਦਰ ਸੁਖਦੀਪ ਸਿੰਘ ਓਢਰਾ, ਜਸਵਿੰਦਰ ਔਜਲਾ, ਹਰਵਿੰਦਰ ਅਲੂਵਾਲ ਨੇ ਦੱਸਿਆ ਕਿ ਪੀਪੀਪੀਐਫ ਵੱਲੋਂ ਬੀਤੀ29 ਜਨਵਰੀ ਨੂੰ ਫਗਵਾੜਾ ਵਿਖੇ ਕੇਂਦਰ ਸਰਕਾਰ ਦੇ ਪੁਰਾਣੀ ਪੈਨਸ਼ਨ ਖਿਲਾਫ ਕੀਤੇ ਜਾ ਰਹੇ ਪ੍ਰਾਪੇਗੰਡੇ ਖਿਲਾਫ ਸੂਬਾਈ ਮੁਜ਼ਾਹਰਾ ਕੀਤਾ ਗਿਆ ਸੀ ਜਿਸ ਦੌਰਾਨ ਆਪ ਸਰਕਾਰ ਦੇ ਪੁਰਾਣੀ ਪੈਨਸ਼ਨ ਨੂੰ ਕੇਵਲ ਚੋਣ ਮੁੱਦੇ ਵੱਜੋਂ ਵਰਤਣ ਵਾਲੇ ਮੌਕਾਪ੍ਰਸਤ ਕਿਰਦਾਰ ਦੀ ਸਖਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ-ਯੂਟੀ ਫਰੰਟ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਸਾਂਝੇ ਸੰਘਰਸ਼ਾਂ ਦਾ ਧੁਰਾ ਬਣ ਚੁਕਿਆ ਹੈ ਜਿਸਦੇ ਅਜੰਡੇ ਵਿੱਚ ਪੁਰਾਣੀ ਪੈਨਸ਼ਨ ਅਹਿਮ ਮੰਗ ਵੱਜੋਂ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਮਸਲਿਆਂ ਨੂੰ ਹੱਲ ਕਰਨ ਵਿੱਚ ਬੁਰੀ ਤਰਾਂ ਫੇਲ ਸਾਬਤ ਹੋਈ ਹੈ ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਪੰਜਾਬ ਵਿੱਚ ਪੁਰਾਣੀ ਪੈਨਸ਼ਨ ਸਕੀਮ ਦੀ ਹਕੀਕੀ ਬਹਾਲੀ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣਮੱਤਾ ਮੁਲਾਜ਼ਮਾਂ ਨੂੰ ਘੱਟੋ ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਉਣ, ਛੇਵੇਂ ਪੇ ਕਮੀਸ਼ਨ ਵਿੱਚ ਐਲਾਨੀਆਂ ਸੋਧਾਂ ਕਰਕੇ ਲਾਗੂ ਕਰਨ, ਪ੍ਰੋਬੇਸ਼ਨ ਐਕਟ ਰੱਦ ਕਰਕੇ ਪਰਖ ਕਾਲ ਸਮੇਂ ਵਿੱਚ ਪੂਰੀ ਤਨਖਾਹ ਅਤੇ ਭੱਤੇ ਬਹਾਲ ਕਰਨ, 17-07-2020 ਤੋਂ ਬਾਅਦ ਲਾਗੂ ਨਵੇਂ ਸਕੇਲਾਂ ਦੀ ਥਾਂ ਪੰਜਾਬ ਸਕੇਲ ਬਹਾਲ ਕਰਨ ਵਰਗੇ ਅਹਿਮ ਮੁਲਾਜ਼ਮ ਮਸਲੇ ਆਪ ਸਰਕਾਰ ਬਣਨ ਦੇ ਲਾਗਭਗ ਇੱਕ ਸਾਲ ਹੋਣ ਤੇ ਵੀ ਜਿਉਂ ਦੇ ਤਿਉਂ ਲਟਕ ਰਹੇ ਹਨ। ਇਨ੍ਹਾਂ ਮਸਲਿਆਂ ਪ੍ਰਤੀ ਗੰਭੀਰਤਾ ਦਿਖਾਉਣ ਦੀ ਬਜਾਏ ਆਪ ਸਰਕਾਰ ਵੱਲੋਂ ਇੱਕ ਸਾਲ ਦੇ ਕਾਰਜ ਕਾਲ ਵਿੱਚ ਇੰਨਾਂ ਵਿੱਚੋਂ ਇੱਕ ਵੀ ਮਸਲੇ ਦਾ ਸਾਰਥਕ ਹੱਲ ਨਹੀੰ ਕੀਤਾ ਗਿਆ।
ਫਰੰਟ ਦੇ ਆਗੂਆਂ ਵਿਕਰਮਦੇਵ ਸਿੰਘ, ਦਲਜੀਤ ਸਫੀਪੁਰ, ਗੁਰਜਿੰਦਰ ਮੰਝਪੁਰ, ਕੰਵਲਪ੍ਰੀਤ ਸਿੰਘ, ਰਮਨ ਸਿੰਗਲਾ, ਸੱਤਪਾਲ ਸਮਾਣਾ, ਲਖਵਿੰਦਰ ਸਿੰਘ, ਜਗਜੀਤ ਸਿੰਘ, ਸੁਖਜਿੰਦਰ ਸਿੰਘ ਨੇ ਕਿਹਾ ਕਿ 19 ਫਰਵਰੀ ਦੀ ਚੰਡੀਗੜ੍ਹ ਰੈਲੀ ਵਿੱਚ ਜ਼ਿਲ੍ਹਿਆਂ ਵਿੱਚੋਂ ਐਨਪੀਐਸ ਮੁਲਾਜ਼ਮਾਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਲਈ ਜ਼ੁੰਮੇਵਾਰੀਆਂ ਦੀ ਵੰਡ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫਰੰਟ ਵੱਲੋਂ ਅਗਲੇ ਮਹੀਨਿਆਂ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਕੀਤੀਆਂ ਜਾਣ ਵਾਲੀਆਂ ਜੱਥੇਬੰਦਕ ਸਰਗਰਮੀਆਂ ਦੀ ਰੂਪ ਰੇਖਾ ਵੀ ਸੂਬਾ ਕਮੇਟੀ ਮੀਟਿੰਗ ਵਿੱਚ ਉਲੀਕੀ ਗਈ ਹੈ। ਜਿਸ ਤਹਿਤ ਪੈਨਸ਼ਨ ਦੇ ਮੁੱਦੇ ਤੇ ਵਿਆਪਕ ਸੰਘਰਸ਼ੀ ਲਾਮਬੰਦੀ ਕੀਤੀ ਜਾਵੇਗੀ।
ਇਸ ਮੌਕੇ ਸੁਰਿੰਦਰ ਬਿੱਲਾਪੱਟੀ, ਮੋਹਿੰਦਰ ਕੋੜਿਆਵਾਲੀ, ਵਿਕਰਮਜੀਤ ਸਿੰਘ, ਪਰਮਿੰਦਰ ਸਿੰਘ, ਬੇਅੰਤ ਸਿੰਘ, ਗਿਆਨ ਸਿੰਘ, ਮਨਦੀਪ ਸਿੰਘ, ਹਰਿੰਦਰ ਸਿੰਘ, ਲਖਵਿੰਦਰ ਸਿੰਘ ਆਦਿ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h