ਫਾਜ਼ਿਲਕਾ ਪੁਲਿਸ ਵੱਲੋਂ ਆਤਮ ਹੱਤਿਆ ਕਰਨ ਜਾ ਰਹੀ ਮਹਿਲਾ ਦੀ ਬਚਾਈ ਜਾਨ
ਫਾਜ਼ਿਲਕਾ ਜ਼ਿਲਾ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਦੀ ਜਾਨ ਬਚਾਈ ਹੈ ਜੋ ਕਿ ਆਤਮ ਹੱਤਿਆ ਕਰਨ ਲਈ ਨਹਿਰ ਵੱਲ ਜਾ ਰਹੀ ਸੀ। ਜ਼ਿਲ੍ਹੇ ਦੇ ਐਸਐਸਪੀ ਡਾ ਪ੍ਰਗਿਆ ਜੈਨ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਕੰਟਰੋਲ ਰੂਮ ਦੇ ਫੋਨ ਨੰਬਰ 112 ਤੇ ਸੂਚਨਾ ਮਿਲੀ ਸੀ ਕਿ ਇੱਕ ਔਰਤ ਨਹਿਰ ਵਿੱਚ ਛਾਲ ਮਾਰ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਬੰਧੀ ਸੜਕ ਸੁਰੱਖਿਆ ਫੋਰਸ ਨੂੰ ਵੀ ਕਿਸੇ ਰਾਹਗੀਰ ਤੋਂ ਸੂਚਨਾ ਮਿਲੀ। ਜਿਸ ਤੋਂ ਬਾਅਦ ਥਾਣਾ ਅਰਨੀਵਾਲਾ ਦੀ ਪੁਲਿਸ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਟੈਕਨੀਕਲ ਸੈਲ ਤੋਂ ਉਕਤ ਔਰਤ ਦੀ ਸਹੀ ਲੋਕੇਸ਼ਨ ਤਕਨੀਕੀ ਤਰੀਕੇ ਨਾਲ ਹਾਸਲ ਕਰਕੇ ਤੇਜ਼ੀ ਨਾਲ ਉਸ ਸਥਾਨ ਤੇ ਪਹੁੰਚ ਕੇ ਉਕਤ ਮਹਿਲਾ ਦੀ ਜਾਨ ਬਚਾਈ ਅਤੇ ਉਸ ਨੂੰ ਥਾਣਾ ਅਰਨੀਵਾਲਾ ਦੇ ਹਵਾਲੇ ਕੀਤਾ ਗਿਆ।
ਇਸ ਟੀਮ ਵਿੱਚ ਸੜਕ ਸੁਰੱਖਿਆ ਫੋਰਸ ਤੋਂ ਏਐਸਆਈ ਦੇਵੀ ਦਿਆਲ, ਕਾਂਸਟੇਬਲ ਬੋਬੀ ਕੁਮਾਰ ਅਤੇ ਜਤਿੰਦਰ ਸਿੰਘ ਅਤੇ ਲੇਡੀ ਕਾਂਸਟੇਬਲ ਚਰਨਜੀਤ ਅਤੇ ਪ੍ਰੀਆ ਰਾਨੀ ਸ਼ਾਮਿਲ ਸਨ ਜਦਕਿ ਅਰਨੀਵਾਲਾ ਪੁਲਿਸ ਸਟੇਸ਼ਨ ਤੋਂ ਏਐਸਆਈ ਸੁਭਾਸ਼ ਚੰਦਰ ਸੀਨੀਅਰ ਸਿਪਾਹੀ ਵੀਰਪਾਲ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਗੁਰਜੰਟ ਸਿੰਘ ਅਤੇ ਨਛੱਤਰ ਸਿੰਘ ਸ਼ਾਮਿਲ ਸਨ। ਉਕਤ ਮਹਿਲਾ ਔਰਤ ਜ਼ਿਲਾ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਪਿੰਡ ਦੀ ਦੱਸੀ ਜਾ ਰਹੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਡਾ ਪ੍ਰਗਿਆ ਜੈਨ ਨੇ ਇਸ ਮੌਕੇ ਦੱਸਿਆ ਕਿ ਪੁਲਿਸ ਵਿਭਾਗ ਦੇ ਕੰਟਰੋਲ ਰੂਮ ਦੇ ਫੋਨ ਨੰਬਰ 112 ਤੇ ਕੋਈ ਵੀ ਸੂਚਨਾ ਦਿੱਤੀ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਇੱਥੇ ਜੇਕਰ ਕੋਈ ਕਿਸੇ ਗੈਰ ਸਮਾਜੀ ਤੱਤ ਬਾਰੇ ਸੂਚਨਾ ਦਿੰਦਾ ਹੈ ਤਾਂ ਸੂਚਨਾ ਦੇਣ ਵਾਲੇ ਦੀ ਪਹਿਚਾਣ ਵੀ ਗੁਪਤ ਰੱਖੀ ਜਾਂਦੀ ਹੈ।