ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸਲਾਹ ਦਿਤੀ ਹੈ ਕਿ ਉਹ ਪਹਿਲਾਂ ਪੰਥਕ ਸੰਗਠਨਾਂ ਦੀ ਰਾਇ ਮੰਨਦਿਆਂ ਪਰਿਵਾਦ ਤੋਂ ਮੁੱਕਤ ਹੋਣ ਫਿਰ ਸਲਾਹਕਾਰਾਂ ਦੀਆਂ ਨਿਯੁਕਤੀਆਂ ਵੱਲ ਧਿਆਨ ਦੇਣ ।ਸਾਬਕਾ ਸਪੀਕਰ ਸ਼੍ਰੋਮਣੀ ਕਮੇਟੀ ਦੇ ਨਵੇਂ ਫੁਰਮਾਨ ਤੇ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰ ਰਹੇ ਸਨ ।ਉਨਾਂ ਮੁਤਾਬਕ ਸਿੱਖ ਸੰਸਥਾਵਾਂ ਵੰਸ਼ਵਾਦ ਦੇ ਪ੍ਰਭਾਵ ਹੇਠ ਚਲ ਰਹੀਆਂ ਹਨ।ਪੰਜਾਬ ਤੇ ਪੰਥ ਵੱਖ-ਵੱਖ ਮੱਸਲਿਆਂ ਤੇ ਘਿਿਰਆ ਹੈ ।ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪਰਿਵਾਰਵਾਦ ਤੋਂ ਦੁੱਖੀ ਹੋ ਕੇ , ਘਰ ਬੈਠ ਗਏ ਹਨ।ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਜਿਸ ਪੰਜਾਬ ਤੇ ਕੌਮ ਦੇ ਹਿਤਾਂ ਲਈ ਮੋਹਰਲੀਆਂ ਕਤਾਰਾਂ ਚ ਅਗਵਾਈ ਕੀਤੀ ਪਰ ਜੋ ਹੁਣ ਪਾਰਟੀ ਦੀ ਅੰਦਰੂਨੀ ਤੇ ਬਾਹਰੀ ਹਾਲਤ ਹੈ ,ਉਸ ਦਾ ਜ਼ਿਕਰ ਕਰਨਾ ਮੁਸ਼ਕਲ ਹੈ ।
ਰਵੀਇੰਦਰ ਸਿੰਘ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਆਪਣੇਂ ਚਹੇਤਿਆਂ ਰਾਹੀਂ ਗਲਤ ਫੈਸਲੇ ਪਿਛਲੇ ਲੰਬੇ ਸਮੇਂ ਤੋਂ ਕਰਵਾ ਰਹੇ ਹਨ ਜਿਸ ਦਾ ਲੇਖਾ ਉਨਾਂ ਨੂੰ ਦੇਣਾ ਪਵੇਗਾ।ਬਰਗਾੜੀ ਕਾਂਡ ਦੀ ਗਲ ਕਰਦਿਆਂ ਉਨਾ ਕਿਹਾ ਕਿ ਇਨਾਂ ਵੰਸ਼ਵਾਦੀਆਂ ਆਪਣੇਂ ਰਾਜ ਸਮੇਂ ਪੁਲਸ ਪ੍ਰਸ਼ਾਸਨ ਨੂੰ ਸਹੀ ਦਿਸ਼ਾ ਚ ਕੰਮ ਕਰਨ ਨਹੀ ਦਿਤਾ ਸਗੋਂ ਸੌਦਾ-ਸਾਧ ਹੀ ਬਚਾਇਆ ਗਿਆ । ਪੰਥ ਤੇ ਪੀੜਤ ਪਰਿਵਾਰ ਇਨਸਾਫ ਲਈ ਸੜਕਾਂ ਤੇ ਉਤਰਿਆ ਹੈ ਪਰ ਹੁਕਮਰਾਨ ਸਮਾਂ ਹੀ ਮੰਗੀ ਜਾ ਰਹੇ ਹਨ ਜਿਸ ਦਾ ਖਮਿਆਜ਼ਾ ਉਨਾਂ ਨੂੰ ਭੁਗਤਣਾ ਪਵੇਗਾ ।ਪੰਜਾਬ ਦੇ ਘਾਗ ਸਿਆਸਤਦਾਨ ਰਵੀਇੰਦਰ ਸਿੰਘ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਪਰਿਵਾਰਵਾਦ ਅਤੇ ਰਾਜ਼ਨੀਤੀ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਇਹ ਕੌਮ ਦੀ ਪ੍ਰਤੀਨਿਧ ਜਮਾਤ ਹੈ ਤੇ ਉਸ ਨੂੰ ਕੌਮ ਦੇ ਸ਼ਾਨਾਮਤੀ ਇਤਿਹਾਸ ਮੁਤਾਬਕ ਫੈਸਲੇ ਲੈਣੇਂ ਚਾਹੀਦੇ ਹਨ ।ਉਨਾਂ ਦੋਸ਼ ਲਾਇਆ ਕਿ ਸਾਰੇ ਫੈਸਲੇ ਬਾਦਲਾਂ ਦੇ ਇਸ਼ਾਰੇ ਤੇ ਲੈਣੇ ਲੋਕਤੰਤਰ ਖਿਲਾਫ ਹਨ ਜਿਸ ਅਧਾਰ ਤੇ ਇਹ ਮਹਾਨ ਸੰਸਥਾ ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੀ ।ਸਾਬਕਾ ਸਪੀਕਰ ਨੇ ਦੋਸ਼ ਲਾਇਆ ਕਿ ਲੋਕ ਅੰਦੋਲਨਾਂ ਦਾ ਮੋਹਰੀ ਸ਼੍ਰੋਮਣੀ ਅਕਾਲੀ ਦਲ ਹਾਲ ਦੀ ਘੜੀ ਬਾਦਲਾਂ ਦੀ ਬਦੌਲਤ ਸਿਫਰ ਹੋ ਗਿਆ ਹੈ ।