ਮੋਹਾਲੀ ਨਿਜੀ ਯੂਨੀਵਰਸਿਟੀ ਦੇ ਮਾਮਲੇ ਵਿਚ ਕੁੜੀਆਂ ਦੀਆਂ ਨਹਾਉਂਦਿਆਂ ਦੀਆਂ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਮੁਹਾਲੀ ਦੇ ਐਸ ਐਸ ਪੀ ਵਿਵੇਕਸ਼ੀਲ ਸੋਨੀ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਕੋਈ ਸੱਚਾਈ ਨਹੀਂ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਹੁਣ ਤੱਕ ਹੋਈ ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਲੜਕੀ ’ਤੇ ਵੀਡੀਓ ਬਣਾਉਣ ਦੇ ਦੋਸ਼ ਹਨ, ਉਸਨੇ ਸਿਰਫ ਆਪਣੀ ਵੀਡੀਓ ਬਣਾ ਕੇ ਆਪਣੇ ਬੁਆਇਫਰੈਂਡ ਨੂੰ ਭੇਜੀ ਸੀ। ਕਿਸੇ ਹੋਰ ਲੜਕੀ ਦੀ ਵੀਡੀਓ ਬਣਾਉਣ ਜਾਂ ਵਾਇਰਲ ਕਰਨ ਦੀ ਗੱਲ ਹੁਣ ਤੱਕ ਹੋਈ ਜਾਂਚ ਵਿਚ ਸਾਹਮਣੇ ਨਹੀਂ ਆਈ ਹੈ।
ਉਹਨਾਂ ਲੜਕੀਆਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਵਾਲੀ ਗੱਲ ਦਾ ਵੀ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਵੀ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤੇ ਕੋਈ ਵੀ ਲੜਕੀ ਹਸਪਤਾਲ ਦਾਖਲ ਹੈ। ਉਹਨਾਂ ਕਿਹਾ ਕਿ ਇਹ ਅਫਵਾਹਾਂ ਹਨ ਤੇ ਮੀਡੀਆ ਨੁੰ ਇਹਨਾਂ ਅਫਵਾਹਾਂ ਨੂੰ ਖਬਰਾਂ ਵਜੋਂ ਚਲਾਉਣ ਤੋਂ ਪਹਿਲਾਂ ਇਸਦੀ ਪੁਸ਼ਟੀ ਕਰਨੀ ਚਾਹੀਦੀ ਹੈ।
ਪ੍ਰੈਸ ਕਾਨਫਰੰਸ ਵਿਚ ਮੌਜੂਦ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਸਾਡਾ ਪ੍ਰੈਸ ਕਾਨਫਰੰਸ ਦਾ ਮਕਸਦ ਸਿਰਫ ਇਹ ਦੱਸਣਾ ਸੀ ਕਿ ਹੁਣ ਤੱਕ ਜੋ ਗੱਲਾ ਵਧਾ-ਚੜ੍ਹਾ ਕੇ ਪੇਸ਼ ਕੀਤੀਆਂ ਗਈਆਂ, ਉਹ ਅਫਵਾਹਾਂ ਹਨ।
ਉਹਨਾਂ ਕਿਹਾ ਕਿ ਨਾ ਕਿਸੇ ਕੁੜੀ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ ਤੇ ਨਾ ਹੀ ਕੋਈ ਹਸਪਤਾਲ ਦਾਖਲ ਹੈ। ਇਸਦੇ ਨਾਲ ਹੀ ਐਸ ਐਸ ਪੀ ਨੇ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਵੀ ਗੱਲ ਕਹੀ ਹੈ।