ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਲੋਟ ਦੀ ਰਹਿਣ ਵਾਲੀ 31 ਸਾਲਾ ਔਰਤ ਮਸਕਟ, ਓਮਾਨ ਵਿੱਚ ਫਸੀ ਹੋਈ ਹੈ। ਇਸ ਔਰਤ ਨੂੰ ਮਹਿਲਾ ਏਜੰਟ ਨੇ ਵਿਜ਼ਟਰ ਵੀਜ਼ੇ ‘ਤੇ ਦੁਬਈ ਭੇਜਿਆ ਸੀ। ਜਿੱਥੇ ਇਸਨੂੰ ਧੋਖੇ ਨਾਲ ਓਮਾਨ ਦੇ ਮਸਕਟ ਸ਼ਹਿਰ ਵਿੱਚ ਇੱਕ ਸ਼ੇਖ ਨੂੰ ਵੇਚ ਦਿੱਤਾ ਗਿਆ। ਹੁਣ ਇਸ ਔਰਤ ਨੇ ਉਥੋਂ ਦੀ ਇਕ ਸੰਸਥਾ ਰਾਹੀਂ ਪੰਜਾਬ ਦੀ ਸੰਸਥਾ ਨੂੰ ਵੀਡੀਓ ਭੇਜ ਕੇ ਉਨ੍ਹਾਂ ਨੂੰ ਉਥੋਂ ਕੱਢਣ ਦੀ ਬੇਨਤੀ ਕੀਤੀ ਹੈ। ਔਰਤ ਦਾ ਕਹਿਣਾ ਹੈ ਕਿ ਸ਼ੇਖ ਨਾ ਸਿਰਫ ਦਿਨ-ਰਾਤ ਜਾਨਵਰਾਂ ਵਾਂਗ ਕੰਮ ਕਰਵਾਉਂਦਾ ਹੈ, ਸਗੋਂ ਉਸ ਦਾ ਸਰੀਰਕ ਸ਼ੋਸ਼ਣ ਵੀ ਕਰ ਰਿਹਾ ਹੈ।
ਇਸ ਤੋਂ ਬਾਅਦ ਐਨਜੀਓ ਪੀਸੀਟੀ ਹਿਊਮੈਨਟੀਜ਼ ਦੇ ਚੇਅਰਮੈਨ ਯੋਗਿੰਦਰ ਸਲਾਰੀਆ ਅਤੇ ਪੰਜਾਬ ਚੈਪਟਰ ਦੇ ਕਨਵੀਨਰ ਹੁਸ਼ਿਆਰਪੁਰ ਦੇ ਅਸ਼ੋਕ ਪੁਰੀ ਨੇ ਮਹਿਲਾ ਨੂੰ ਸ਼ੇਖ ਦੇ ਚੁੰਗਲ ਵਿੱਚੋਂ ਛੁਡਾਉਣ ਲਈ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਜਾਣਕਾਰੀ ਦਿੱਤੀ। ਵਿਜੇ ਸਾਂਪਲਾ ਨੇ ਮਹਿਲਾ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ ਹੈ। ਫਿਲਹਾਲ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ।
ਜਥੇਬੰਦੀ ਦੇ ਪੰਜਾਬ ਚੈਪਟਰ ਦੇ ਕਨਵੀਨਰ ਅਸ਼ੋਕ ਪੁਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਔਰਤ ਨੂੰ ਤਰਨਤਾਰਨ ਦੇ ਇੱਕ ਏਜੰਟ ਵੱਲੋਂ ਵਿਜ਼ਟਰ ਵੀਜ਼ੇ ’ਤੇ ਦੁਬਈ ਭੇਜਿਆ ਗਿਆ ਸੀ। ਔਰਤ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੂੰ ਧੋਖੇ ਨਾਲ ਦੁਬਈ ਵਿੱਚ ਵੇਚਿਆ ਗਿਆ ਹੈ। ਜਿਸ ਤੋਂ ਬਾਅਦ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਦੇ ਖਿਲਾਫ ਮਾਮਲਾ ਦਰਜ ਕਰਵਾਇਆ। ਥਾਣਾ ਮਲੋਟ ਦੀ ਪੁਲਸ ਨੇ ਮਹਿਲਾ ਏਜੰਟ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਕ ਹੋਰ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ।