JJP-BJP Alliance: ਹਰਿਆਣਾ ‘ਚ ਜੇਜੇਪੀ-ਭਾਜਪਾ ਗੱਠਜੋੜ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ। ਪਿਛਲੇ ਕੁਝ ਦਿਨਾਂ ਤੋਂ ਦੋਵਾਂ ਧਿਰਾਂ ਵਿਚਾਲੇ ਅੰਦਰੂਨੀ ਕਲੇਸ਼ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਤੋਂ ਬਾਅਦ ਜਨਨਾਇਕ ਜਨਤਾ ਪਾਰਟੀ (JJP) ਦੇ ਜਨਰਲ ਸਕੱਤਰ ਦਿਗਵਿਜੇ ਚੌਟਾਲਾ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਦਰਅਸਲ ਹੁਣ ਉਨ੍ਹਾਂ ਨੇ ਆਦਮਪੁਰ ਜ਼ਿਮਣੀ ਚੋਣ ਵਿੱਚ ਭਾਜਪਾ ਦੇ ਪੋਸਟਰਾਂ ਤੋਂ ਜੇਜੇਪੀ ਆਗੂਆਂ ਦੀਆਂ ਤਸਵੀਰਾਂ ਦਾ ਗਾਈਬ ਹੋਣ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ਇਸ ਮਾਮਲੇ ‘ਤੇ ਦਿਗਵਿਜੇ ਦਾ ਕਹਿਣਾ ਹੈ ਕਿ ਜਿਮਣੀ ਚੋਣਾਂ ਨੂੰ ਲੈ ਕੇ ਦਿੱਲੀ ‘ਚ ਸੰਸਦੀ ਬੋਰਡ ਦੀ ਬੈਠਕ ਬੁਲਾਈ ਗਈ ਹੈ। ਉੱਥੇ ਹੀ ਫੈਸਲਾ ਲਿਆ ਜਾਵੇਗਾ। ਇਸ ਮੀਟਿੰਗ ਵਿੱਚ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਨਾਲ ਸੂਬਾ ਪ੍ਰਧਾਨ ਅਜੈ ਚੌਟਾਲਾ ਵੀ ਮੌਜੂਦ ਰਹਿਣਗੇ।
ਮੈਂ ਇਹ ਦੇਖ ਕੇ ਹੈਰਾਨ ਹਾਂ- ਦਿਗਵਿਜੇ
ਕੁਲਦੀਪ ਬਿਸ਼ਨੋਈ ਦੇ ਪੋਸਟਰ ਬੈਨਰ ‘ਤੇ ਜੇਜੇਪੀ ਨੇਤਾਵਾਂ ਦੀਆਂ ਤਸਵੀਰਾਂ ਨਾ ਹੋਣ ‘ਤੇ ਦਿਗਵਿਜੇ ਚੌਟਾਲਾ ਨੇ ਕਿਹਾ ਹੈ ਕਿ ਮੈਂ ਇਹ ਦੇਖ ਕੇ ਹੈਰਾਨ ਹਾਂ। ਅਸੀਂ ਸੂਬੇ ਵਿੱਚ ਭਾਜਪਾ ਨਾਲ ਗੱਠਜੋੜ ਦੀ ਸਰਕਾਰ ਚਲਾ ਰਹੇ ਹਾਂ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਹਮੇਸ਼ਾ ਕਹਿੰਦੀ ਰਹਿੰਦੀ ਹੈ ਕਿ ਅਸੀਂ ਗਠਜੋੜ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਅਜਿਹੇ ‘ਚ ਅਹਿਮ ਜ਼ਿਮਨੀ ਚੋਣ ਹੋਣ ਅਤੇ ਉਸ ਤੋਂ ਬਾਅਦ ਵੀ ਜੇਜੇਪੀ ਦੇ ਕਿਸੇ ਵੀ ਸੀਨੀਅਰ ਨੇਤਾ ਦੀ ਫੋਟੋ ਨਾਹ ਹੋਵੇ, ਇਹ ਰਵੱਈਆ ਕਾਫੀ ਹੈਰਾਨ ਕਰਨ ਵਾਲਾ ਹੈ।
ਇਸ ਦੇ ਨਾਲ ਹੀ ਦਿਗਵਿਜੇ ਚੌਟਾਲਾ ਨੇ ਅੱਗੇ ਕਿਹਾ ਕਿ ਜਨਨਾਇਕ ਜਨਤਾ ਪਾਰਟੀ ਦਾ ਹਰਿਆਣਾ ਵਿੱਚ ਮਜ਼ਬੂਤ ਆਧਾਰ ਹੈ। ਸੂਬੇ ਵਿੱਚ ਹੁਣ ਤੱਕ ਹੋਈਆਂ ਸਾਰੀਆਂ ਚੋਣਾਂ ਵਿੱਚ ਪਈਆਂ ਵੋਟਾਂ ਵਿੱਚ ਵੀ ਇਹੀ ਆਧਾਰ ਨਜ਼ਰ ਆਉਂਦਾ ਹੈ। ਜਨਰਲ ਸਕੱਤਰ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿੱਚ ਵੀ ਉਹ ਆਧਾਰ ਵਿਅਰਥ ਨਹੀਂ ਜਾਵੇਗਾ। ਜਿੱਥੇ ਜੇਜੇਪੀ ਹੈ, ਉੱਥੇ ਉਹ ਆਧਾਰ ਦਿਖਾਈ ਦੇਵੇਗਾ।
ਜੇਜੇਪੀ 2024 ਦੇ ਪ੍ਰਚਾਰ ਪੋਸਟਰਾਂ ਤੋਂ ਵੀ ਗਾਇਬ
ਆਦਮਪੁਰ ਜ਼ਿਮਣੀ ਚੋਣ ਅਤੇ ਪੰਚਾਇਤੀ ਚੋਣਾਂ ਦਰਮਿਆਨ ਹਰਿਆਣਾ ਭਾਜਪਾ ਨੇ 2024 ਦੀਆਂ ਵਿਧਾਨ ਸਭਾ ਚੋਣਾਂ ‘ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਨੇ ਇਸ ਸਬੰਧੀ ਪੋਸਟਰ ਜਾਰੀ ਕੀਤਾ ਹੈ। ਜਿਸ ਵਿੱਚ ਸੀਐਮ ਮਨੋਹਰ ਲਾਲ ਖੱਟਰ ਨੂੰ ਚਿਹਰਾ ਬਣਾਇਆ ਗਿਆ ਹੈ। ਪੋਸਟਰ ‘ਚ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਦਾ ਕੋਈ ਜ਼ਿਕਰ ਨਹੀਂ ਹੈ। ਟਵਿੱਟਰ ‘ਤੇ ‘ਮਨੋਹਰ ਹਮਾਰਾ ਹਰਿਆਣਾ’ ਦੇ ਨਾਲ ਇਹ ਪੋਸਟਰ ਟ੍ਰੈਂਡ ਕਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਖ਼ਬਰਾਂ ਹਨ ਕਿ ਭਾਜਪਾ ਸੂਬੇ ‘ਚ ਆਜ਼ਾਦ ਉਮੀਦਵਾਰਾਂ ਨਾਲ ਵੀ ਨੇੜਤਾ ਵਧਾ ਰਹੀ ਹੈ। ਤ੍ਰਿਪੁਰਾ ਦੇ ਸਾਬਕਾ ਮੁੱਖ ਮੰਤਰੀ ਅਤੇ ਹਰਿਆਣਾ ਵਿੱਚ ਪਾਰਟੀ ਦੇ ਸੂਬਾ ਇੰਚਾਰਜ ਬਿਪਲਬ ਦੇਬ ਨੇ ਹਰਿਆਣਾ ਦਾ ਦੌਰਾ ਕੀਤਾ। ਉਨ੍ਹਾਂ ਆਜ਼ਾਦ ਵਿਧਾਇਕਾਂ ਨਾਲ ਵਨ ਟੂ ਵਨ ਮੀਟਿੰਗ ਕੀਤੀ। ਹੁਣ ਤੱਕ ਉਹ 6 ਆਜ਼ਾਦ ਵਿਧਾਇਕਾਂ ਨੂੰ ਮਿਲ ਚੁੱਕੇ ਹਨ। ਇਸ ਨੂੰ ਭਾਜਪਾ ਦੇ ਮਿਸ਼ਨ 2024 ਦੇ ਨਾਲ ਜੇਜੇਪੀ ‘ਤੇ ਦਬਾਅ ਬਣਾਉਣ ਦੀ ਰਾਜਨੀਤੀ ਨਾਲ ਜੋੜਿਆ ਜਾ ਰਿਹਾ ਹੈ।