ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਵਰਾਜ ਸਿੰਘ ਅਤੇ ਗੁਰਕੀਰਤ ਮਾਨ ਦੇ ਖਿਲਾਫ ਦਿੱਲੀ ਦੇ ਅਮਰ ਕਲੋਨੀ ਪੁਲਸ ਸਟੇਸ਼ਨ ‘ਚ ਅਪਾਹਜਾਂ ਦਾ ਮਜ਼ਾਕ ਉਡਾਉਣ ਵਾਲੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਨ ‘ਤੇ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਸ਼ਿਕਾਇਤ ਨੈਸ਼ਨਲ ਸੈਂਟਰ ਫਾਰ ਪ੍ਰਮੋਸ਼ਨ ਆਫ ਇੰਪਲਾਇਮੈਂਟ ਫਾਰ ਡਿਸਏਬਲਡ ਪੀਪਲ ਦੇ ਕਾਰਜਕਾਰੀ ਨਿਰਦੇਸ਼ਕ ਅਰਮਾਨ ਅਲੀ ਨੇ ਦਿੱਤੀ ਹੈ। ਕ੍ਰਿਕਟਰਾਂ ਤੋਂ ਇਲਾਵਾ ਮੈਟਾ ਇੰਡੀਆ ਦੀ ਮੈਨੇਜਿੰਗ ਡਾਇਰੈਕਟਰ ਸੰਧਿਆ ਦੇਵਨਾਥਨ ਦਾ ਨਾਂ ਵੀ ਸ਼ਿਕਾਇਤ ‘ਚ ਸ਼ਾਮਲ ਹੈ।
ਦਰਅਸਲ ਹਾਲ ਹੀ ‘ਚ ਇੰਗਲੈਂਡ ‘ਚ ਹੋਈ ਲੀਜੈਂਡ ਕ੍ਰਿਕਟ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਟਰਾਫੀ ‘ਤੇ ਕਬਜ਼ਾ ਕੀਤਾ ਸੀ। ਇਸ ਤੋਂ ਬਾਅਦ ਹਰਭਜਨ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕੀਤੀ। ਇਸ ‘ਚ ਹਰਭਜਨ, ਸੁਰੇਸ਼ ਰੈਨਾ ਅਤੇ ਯੁਵਰਾਜ ਸਿੰਘ ਬਾਲੀਵੁੱਡ ਸਟਾਰ ਵਿੱਕੀ ਕੌਸ਼ਲ ਦੇ ਗੀਤ ‘ਹੁਸਨ ਤੇਰਾ ਤੌਬਾ ਤੌਬਾ’ ਦੀ ਤਰਜ਼ ‘ਤੇ ਲਿਪਿੰਗ ਕਰ ਰਹੇ ਹਨ ਅਤੇ ਆਪਣੇ ਚਿਹਰੇ ‘ਤੇ ਦਰਦ ਦਿਖਾਉਣ ਲਈ ਐਕਟਿੰਗ ਕਰ ਰਹੇ ਹਨ।
— Harbhajan Turbanator (@harbhajan_singh) July 15, 2024
ਹਰਭਜਨ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਕਿ 15 ਦਿਨ ਲਗਾਤਾਰ ਖੇਡਣ ਤੋਂ ਬਾਅਦ ਪੂਰਾ ਸਰੀਰ ਸੁੰਨ ਹੋ ਗਿਆ ਹੈ। ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਇਸ ਤੋਂ ਬਾਅਦ ਯੂਜ਼ਰ ਨੇ ਤਿੰਨਾਂ ‘ਤੇ ਆਪਣਾ ਵਿਰੋਧ ਜਤਾਇਆ ਅਤੇ ਵੀਡੀਓ ਨੂੰ ਅਪਾਹਜਾਂ ਦਾ ਅਪਮਾਨ ਕਰਾਰ ਦਿੱਤਾ।
ਭੱਜੀ ਨੇ ਵੀਡੀਓ ਡਿਲੀਟ ਕਰਦੇ ਹੋਏ ਮੁਆਫੀ ਮੰਗੀ ਸੀ।
ਭੱਜੀ ਨੇ ਬਾਅਦ ‘ਚ ਵੀਡੀਓ ਹਟਾ ਦਿੱਤੀ ਅਤੇ ਮੁਆਫੀ ਵੀ ਮੰਗ ਲਈ। ਉਸਨੇ ਪੋਸਟ ਕੀਤਾ ਅਤੇ ਲਿਖਿਆ ਕਿ ਉਸਦਾ ਜਾਂ ਉਸਦੇ ਸਾਥੀਆਂ ਦਾ ਕਿਸੇ ਵਿਅਕਤੀ ਜਾਂ ਸਮਾਜ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਇਹ ਵੀਡੀਓ ਸਿਰਫ਼ ਮਨੋਰੰਜਨ ਲਈ ਬਣਾਈ ਗਈ ਸੀ।