ਪੰਜਾਬ ਦੇ ਸਰਕਾਰੀ ਸਕੂਲਾਂ ‘ਚ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਵਜੋਂ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਦੇ ਸਬੰਧ ‘ਚ ਵਿਭਾਗ ਦੇ ਨੋਟਿਸ ‘ਚ ਕਈ ਸਕੂਲ ਅਜਿਹੇ ਆਏ ਹਨ, ਜੋ ਵਿਦਿਆਰਥੀਆਂ ਦੀ ਫਰਜ਼ੀ ਹਾਜ਼ਰੀ ਦਿਖਾ ਕੇ ਮਿਡ-ਡੇ-ਮੀਲ ਦੀ ਕੁਕਿੰਗ ਕਾਸਟ ਵਸੂਲ ਰਹੇ ਹਨ, ਜਦਂਕਿ ਕੁਝ ਸਕੂਲ ਵਿਭਾਗ ਵੱਲੋਂ ਜਾਰੀ ਮਿਡ-ਡੇ-ਮੀਲ ਦੇ ਮੈਨਿਊ ਮੁਤਾਬਕ ਖਾਣਾ ਅਤੇ ਫਰੂਟ ਵੀ ਨਹੀਂ ਦੇ ਰਹੇ, ਜੋ ਕਿ ਵਿਭਾਗ ਦੇ ਨਿਰਦੇਸ਼ਾਂ ਦੀ ਉਲੰਘਣਾ ਹੈ।
ਮਾਮਲਾ ਧਿਆਨ ‘ਚ ਆਉਣ ‘ਤੇ ਸਿੱਖਿਆ ਵਿਭਾਗ ਦੀ ਪੰਜਾਬ ਮਿਡ ਡੇ ਮੀਲ ਸੋਸਾਇਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ ਅਤੇ ਆਉਣ ਵਾਲੇ ਦਿਨਾਂ ‘ਚ ਇਸ ਸਬੰਧੀ ਸੂਬੇ ਭਰ ਦੇ ਸਕੂਲਾਂ ‘ਚ ਅਚਾਨਕ ਨਿਰੀਖਣ ਕੀਤੇ ਜਾਣ ਦੀਆਂ ਵੀ ਪੱਕੀਆਂ ਸੰਭਾਨਾਵਾਂ ਬਣ ਗਈਆਂ ਹਨ।
ਜਾਣਕਾਰੀ ਮੁਤਾਬਕ ਪੰਜਾਬ ਮਿਡ ਡੇ ਮੀਲ ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਇੱਕ ਸਖ਼ਤ ਨਿਰਦੇਸ਼ ਜਾਰੀ ਕੀਤਾ ਹੈ, ਜਿਸ ‘ਚ ਸਕੂਲਾਂ ‘ਚ ਮਿਡ ਡੇ ਮੀਲ ਦੇ ਸਬੰਧ ‘ਚ ਬੇਨਿਯਮੀਆਂ ‘ਤੇ ਸਖਤ ਨੋਟਿਸ ਲਿਆ ਗਿਆ ਹੈ।ਪੱਤਰ ‘ਚ ਕਿਹਾ ਗਿਆ ਹੈ ਕਿ ਸੋਸਾਇਟੀ ਨੇ ਪਾਇਆ ਕਿ ਕਈ ਸਕੂਲਾਂ ‘ਚ ਮਿਡ ਡੇ ਮੀਲ ਹਫਤਾਵਰੀ ਮੈਨਿਊ ਮੁਤਾਬਕ ਨਹੀਂ ਬਣਾਇਆ ਜਾ ਰਿਹਾ, ਜਿਸ ਨਾਲ ਵਿਦਿਆਰਥੀਆਂ ਨੂੰ ਮੌਸਮੀ ਫਲ ਨਹੀਂ ਦਿੱਤੇ ਜਾ ਰਹੇ।
ਵਿਦਿਆਰਥੀਆਂ ਦੀ ਫਰਜ਼ੀ ਹਾਜ਼ਰੀ ਦਿਖਾਈ ਜਾ ਰਹੀ ਹੈ, ਜਦੋਂ ਕਿ ਸਮੇਂ ਸਮੇਂ ‘ਤੇ ਵਿਦਿਆਰਥੀਆਂ ਦੀ ਅਸਲ ਹਾਜ਼ਰੀ ਮੁਤਾਬਕ ਹਫਤਾਵਰੀ ਮੈਨਿਊ ਦੇ ਆਧਾਰ ‘ਤੇ ਮਿਡ ਡੇ ਮੀਲ ਤਿਆਰ ਕਰਨ ਦੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ।ਇਸ ਸਬੰਧੀ ਸੋਸਾਇਟੀ ਨੇ ਫਿਰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਸਾਰੇ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਹਫਤਾਵਰੀ ਮੈਨਿਊ ਤਹਿਤ ਮਿਡ ਡੇ ਮੀਲ ਤਿਆਰ ਕੀਤਾ ਜਾਵੇ।ਜੇਕਰ ਕਿਸੇ ਵੀ ਸਕੂਲ ‘ਚ ਇਨ੍ਹਾਂ ਨਿਰਦੇਸ਼ਾਂ ਦੀ ਉਲੰਘਣਾ ਪਾਈ ਗਈ ਤਾਂ ਉਸਦੀ ਪੂਰੀ ਜ਼ਿੰਮੇਵਾਰੀ ਸਕੂਲ ਮੁਖੀ ਦੀ ਹੋਵੇਗੀ।
ਕੀ ਹੈ ਮਿਡ ਡੇ ਮੀਲ ਮੈਨਿਊ
ਇਸ ਮੈਨਿਊ ਮੁਤਾਬਕ ਹਫਤੇ ‘ਚ ਇਕ ਵਿਦਿਆਰਥੀਆਂ ਲਈ ਖੀਰ ਵੀ ਬਣਾਈ ਜਾਵੇਗੀ।ਵਿਭਾਗ ਵੱਲੋਂ ਤੈਅ ਮੈਨਿਊ ਮੁਤਾਬਕ ਸੋਮਵਾਰ ਨੂੰ ਦਾਲ (ਮੌਸਮੀ ਸਬਜ਼ੀਆਂ ਮਿਲਾ ਕੇ) ਅਤੇ ਰੋਟੀ, ਮੰਗਲਵਾਰ ਨੂੰ ਰਾਜਮਾਹ ਚਾਵਲ, ਬੁੱਧਵਾਰ ਨੂੰ ਆਲੂ ਦੇ ਨਾਲ ਕਾਲੇ ਸਫੇਦ ਛੋਲੇ ਅਤੇ ਪੂੜੀਆਂ ਤੇ ਰੋਟੀ, ਵੀਰਵਾਰ ਨੂੰ ਕੜੀ ਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਤੇ ਰੋਟੀ, ਸ਼ਨੀਵਾਰ ਨੂੰ ਦਾਲ ਮਾਂਹ ਚਨੇ, ਚੌਲ ਅਤੇ ਮੌਸਮੀ ਫਲ ਦਿੱਤੇ ਜਾਣਗੇ।