ਪ੍ਰਯਾਗਰਾਜ ਵਿੱਚ ਹੋ ਰਹੇ ਮਹਾਂਕੁੰਭ ਦਾ 43ਵਾਂ ਦਿਨ ਹੈ। ਮੇਲਾ ਖਤਮ ਹੋਣ ਵਿੱਚ 2 ਦਿਨ ਹੋਰ ਬਾਕੀ ਹਨ। ਦੁਪਹਿਰ 2 ਵਜੇ ਤੱਕ, 91 ਲੱਖ ਤੋਂ ਵੱਧ ਲੋਕ ਇਸ਼ਨਾਨ ਕਰ ਚੁੱਕੇ ਸਨ। ਸੰਗਮ ਸਟੇਸ਼ਨ ਤੋਂ ਸੰਗਮ ਤੱਕ ਬਹੁਤ ਭੀੜ ਸੀ। ਦੁਪਹਿਰ ਤੱਕ ਭੀੜ ਘੱਟਣ ਲੱਗੀ। ਜਾਣਕਾਰੀ ਅਨੁਸਾਰ 13 ਜਨਵਰੀ ਤੋਂ ਲੈ ਕੇ ਹੁਣ ਤੱਕ 62.97 ਕਰੋੜ ਸ਼ਰਧਾਲੂ ਸੰਗਮ ਵਿੱਚ ਡੁਬਕੀ ਲਗਾ ਚੁੱਕੇ ਹਨ।
ਇਸ ਦੇ ਨਾਲ ਹੀ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਮਹਾਂ ਕੁੰਭ ਵਿੱਚ ਸ਼ਾਮਿਲ ਹੋਏ ਅਤੇ ਅਕਸ਼ੇ ਕੁਮਾਰ ਨੇ ਸੰਗਮ ਵਿੱਚ ਇਸ਼ਨਾਨ ਕੀਤਾ। ਅਦਾਕਾਰਾ ਕੈਟਰੀਨਾ ਕੈਫ ਵੀ ਮਹਾਂਕੁੰਭ ਵਿੱਚ ਪਹੁੰਚੀ। ਉਨ੍ਹਾਂ ਨੇ ਪਰਮਾਰਥ ਨਿਕੇਤਨ ਕੈਂਪ ਵਿਖੇ ਸਵਾਮੀ ਚਿਦਾਨੰਦ ਸਰਸਵਤੀ ਅਤੇ ਸਾਧਵੀ ਭਗਵਤੀ ਸਰਸਵਤੀ ਦਾ ਆਸ਼ੀਰਵਾਦ ਵੀ ਲਿਆ।
ਇਸ ਦੌਰਾਨ, ਅੱਜ ਪ੍ਰਯਾਗਰਾਜ ਦੇ ਐਂਟਰੀ ਪੁਆਇੰਟ ‘ਤੇ ਪਾਰਕਿੰਗ ਦੇ ਆਲੇ-ਦੁਆਲੇ ਟ੍ਰੈਫਿਕ ਜਾਮ ਹੈ। ਸ਼ਹਿਰ ਦੇ ਅੰਦਰ ਚੌਰਾਹਿਆਂ ‘ਤੇ ਵੀ ਰੁਕ-ਰੁਕ ਕੇ ਟ੍ਰੈਫਿਕ ਜਾਮ ਲੱਗਦੇ ਰਹਿੰਦੇ ਹਨ। ਪ੍ਰਯਾਗਰਾਜ ਪਹੁੰਚਣ ਵਾਲੇ ਵਾਹਨਾਂ ਨੂੰ ਸੰਗਮ ਤੋਂ 10 ਕਿਲੋਮੀਟਰ ਪਹਿਲਾਂ ਪਾਰਕਿੰਗ ਵਿੱਚ ਰੋਕਿਆ ਜਾ ਰਿਹਾ ਹੈ। ਇਸ ਤੋਂ ਬਾਅਦ ਤੁਸੀਂ ਆਟੋ, ਈ-ਰਿਕਸ਼ਾ ਜਾਂ ਸ਼ਟਲ ਬੱਸਾਂ ਰਾਹੀਂ ਮੇਲੇ ਵਾਲੇ ਖੇਤਰ ਤੱਕ ਪਹੁੰਚ ਸਕਦੇ ਹੋ। ਹਾਲਾਂਕਿ, ਭੀੜ ਦੇ ਹਿਸਾਬ ਨਾਲ ਇਹ ਸਰੋਤ ਬਹੁਤ ਘੱਟ ਹਨ।