ਨਾਭਾ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਮੇਹਸ ਦੀ 25 ਸਾਲਾ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਦੇ ਵੇਟਲਿਫਟਿੰਗ (71 ਕਿਲੋ) ’ਚ ਕਾਂਸੀ ਤਮਗਾ ਜਿੱਤ ਕੇ ਸਾਰੀ ਦੁਨੀਆਂ ’ਚ ਨਾਮ ਰੋਸ਼ਨ ਕੀਤਾ। ਬੇਜ਼ਮੀਨੇ ਕਿਸਾਨ ਸਾਹਿਬ ਸਿੰਘ ਅਤੇ ਕੁਲਦੀਪ ਕੌਰ ਦੀ ਛੋਟੀ ਧੀ ਹਰਜਿੰਦਰ ਕੌਰ ਦੇ ਘਰ ਰੌਣਕਾਂ ਲੱਗਿਆ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਬਰਮਿੰਘਮ (ਯੂ.ਕੇ.) ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਮਗਾ ਜਿੱਤਣ ਵਾਲੀ ਵੇਟਲਿਫਟਰ ਹਰਜਿੰਦਰ ਕੌਰ ਲਈ 40 ਲੱਖ ਰੁਪਏ ਦੇ ਨਗਦ ਇਨਾਮ ਦਾ ਐਲਾਨ ਕੀਤਾ।
ਜਿਕਰਯੋਗ ਹੈ ਕਿ ਪਰਿਵਾਰ ਵਾਲਿਆਂ ਦੇ ਮੁਤਾਬਕ ਹਰਜਿੰਦਰ ਦੇ ਘਰ ਦੀ ਵਿੱਤੀ ਹਾਲਤ ਕਾਰਨ ਹਰਜਿੰਦਰ ਨੂੰ ਕਾਲਜ ’ਚ ਦਾਖਲਾ ਦਿਵਾਉਣਾ ਔਖਾ ਹੋ ਰਿਹਾ ਸੀ ਪਰ ਖੇਡਾਂ ’ਚ ਮੋਹਰੀ ਹੋਣ ਕਾਰਨ ਆਨੰਦਪੁਰ ਸਾਹਿਬ ਦੇ ਖ਼ਾਲਸਾ ਕਾਲਜ ਦੇ ਕਬੱਡੀ ਸੈਂਟਰ ’ਚ ਉਸਨੂੰ ਦਾਖਲਾ ਮਿਲ ਗਿਆ।
ਬਾਅਦ ‘ਚ ਕਬੱਡੀ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪ ’ਚ ਪਹੁੰਚੀ। ਪਹਿਲੀ ਵਾਰ ਹਰਜਿੰਦਰ ਨੇ ਅੰਤਰਵਰਸਿਟੀ ਤਮਗਾ, ਖੇਲੋ ਇੰਡੀਆ ਤਹਿਤ ਕਈ ਤਮਗੇ ਹਾਸਲ ਕੀਤੇ।
ਹਰਜਿੰਦਰ ਦੇ ਘਰ ਵਾਲਿਆਂ ਦੱਸਿਆ ਕਿ ਉਸ ਨੂੰ ਟੋਕਾ ਕਰਨਾ ਬਹੁਤ ਪਸੰਦ ਸੀ, ਉਹ ਆਖਦੀ ਵੀ ਹੁੰਦੀ ਸੀ , ਮੇਰੀਆਂ ਬਾਹਵਾਂ ( ਪੱਠੇ ਵੱਢਣ ) ਟੋਕਾ ਕਰਨ ਨਾਲ ਹੀ ਮਜਬੂਤ ਹੈ।