ਕੇਰਲ ਦੇ ਕੋਝੀਕੋਡ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵੀਰਵਾਰ ਨੂੰ ਚਾਰ ਸਾਲ ਦੀ ਬੱਚੀ ਦੀ ਉਂਗਲੀ ਦੀ ਬਜਾਏ ਜੀਭ ਦਾ ਆਪਰੇਸ਼ਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਮੁਤਾਬਕ ਮੈਡੀਕਲ ਕਾਲਜ ਦੇ ਮੈਟਰਨਿਟੀ ਐਂਡ ਚਾਈਲਡ ਕੇਅਰ ਸੈਂਟਰ ਵਿੱਚ ਬੱਚੀ ਦੀ ਛੇਵੀਂ ਉਂਗਲ ਕੱਢਣ ਲਈ ਸਰਜਰੀ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਇਸ ਗਲਤੀ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਸਰਜਰੀ ਤੋਂ ਬਾਅਦ ਲੜਕੀ ਦੇ ਮੂੰਹ ‘ਚ ਰੂੰ ਪਾਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੱਧਰ ‘ਤੇ ਸਾਰੀ ਘਟਨਾ ਦੀ ਜਾਂਚ ਕੀਤੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੇੜਿਓਂ ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਦੀ ਜੀਭ ‘ਤੇ ਸਰਜਰੀ ਕੀਤੀ ਗਈ ਸੀ ਨਾ ਕਿ ਹੱਥ ‘ਤੇ। ਇਸ ਘਟਨਾ ਦਾ ਨੋਟਿਸ ਲੈਂਦਿਆਂ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਮੈਡੀਕਲ ਸਿੱਖਿਆ ਦੇ ਡਾਇਰੈਕਟਰ ਨੂੰ ਘਟਨਾ ਦੀ ਜਾਂਚ ਕਰਨ ਅਤੇ ਵਿਸਤ੍ਰਿਤ ਰਿਪੋਰਟ ਸੌਂਪਣ ਲਈ ਕਿਹਾ ਹੈ। ਫਿਲਹਾਲ ਲੜਕੀ ਹਸਪਤਾਲ ‘ਚ ਦਾਖਲ ਹੈ ਅਤੇ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕਰਨ ਦਾ ਇਰਾਦਾ ਜ਼ਾਹਰ ਕੀਤਾ ਹੈ। ਉਨ੍ਹਾਂ ਵੱਡੀ ਕੁਤਾਹੀ ਕਰਨ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਲੜਕੀ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮੈਡੀਕਲ ਕਾਲਜ ਹਸਪਤਾਲ ‘ਚ ਕਿਸੇ ਨੂੰ ਵੀ ਇਸ ਤਜ਼ਰਬੇ ਤੋਂ ਨਹੀਂ ਗੁਜ਼ਰਨਾ ਚਾਹੀਦਾ ਹੈ। ਪਰਿਵਾਰ ਨੇ ਕਿਹਾ ਕਿ ਜੇਕਰ ਇਸ ਗਲਤੀ ਕਾਰਨ ਲੜਕੀ ਨੂੰ ਕੋਈ ਬੁਰਾ ਪ੍ਰਭਾਵ ਪਿਆ ਤਾਂ ਇਸ ਦੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਨੂੰ ਲੈਣੀ ਚਾਹੀਦੀ ਹੈ। ਪਰਿਵਾਰ ਦੇ ਇੱਕ ਮੈਂਬਰ ਨੇ ਕਿਹਾ, “ਹਸਪਤਾਲ ਨੇ ਸਾਨੂੰ ਦੱਸਿਆ ਕਿ ਇੱਕ ਗਲਤੀ ਹੋ ਗਈ ਸੀ ਕਿਉਂਕਿ ਦੋ ਬੱਚਿਆਂ ਦੀ ਉਸੇ ਦਿਨ ਸਰਜਰੀ ਹੋਣੀ ਸੀ।”