ਟਰੈਫਿਕ ਪੁਲਿਸ ਵੱਲੋਂ ਕੀਤੇ ਜਾਣ ਵਾਲੇ ਆਨਲਾਈਨ ਚਲਾਨਾਂ ਅਤੇ ਉਨ੍ਹਾਂ ਦੇ ਸਹੀ ਭੁਗਤਾਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਟਰੈਫਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ ਪਵਨ ਕੁਮਾਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਕੋਲ ਮੌਜੂਦ ਇੱਕ ਵਿਸ਼ੇਸ਼ ਐਪ ਰਾਹੀਂ ਕਿਸੇ ਵੀ ਵਾਹਨ ਦਾ ਆਨਲਾਈਨ ਚਲਾਨ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਾਹਨ ਦੇ ਕਾਗਜ਼ ਪੂਰੇ ਨਹੀਂ ਹਨ, ਡਰਾਈਵਰ ਵੱਲੋਂ ਸੀਟ ਬੈਲਟ ਨਹੀਂ ਲਗਾਈ ਗਈ ਜਾਂ ਵਾਹਨ ਗਲਤ ਪਾਰਕਿੰਗ ਵਾਲੀ ਥਾਂ ’ਤੇ ਖੜ੍ਹਾ ਕੀਤਾ ਗਿਆ ਹੋਵੇ ਤਾਂ ਟਰੈਫਿਕ ਪੁਲਿਸ ਵੱਲੋਂ ਤੁਰੰਤ ਆਨਲਾਈਨ ਚਲਾਨ ਕੀਤਾ ਜਾਵੇਗਾ। ਇਸ ਸਬੰਧੀ ਚਲਾਨ ਦਾ ਸੁਨੇਹਾ ਵਾਹਨ ਮਾਲਕ ਦੇ ਰਜਿਸਟਰਡ ਮੋਬਾਇਲ ਨੰਬਰ ’ਤੇ ਭੇਜਿਆ ਜਾਵੇਗਾ।
ਪਵਨ ਕੁਮਾਰ ਨੇ ਕਿਹਾ ਕਿ ਵਾਹਨ ਮਾਲਕ ਇਹ ਚਲਾਨ ਆਨਲਾਈਨ ਮਾਧਿਅਮ ਰਾਹੀਂ ਜਾਂ ਸੰਬੰਧਤ ਦਫ਼ਤਰ ’ਚ ਜਾ ਕੇ ਭਰ ਸਕਦੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਵਾਹਨ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਨਾਲ ਮੋਬਾਇਲ ਨੰਬਰ ਲਿੰਕ ਨਹੀਂ ਹੈ ਅਤੇ ਚਲਾਨ ਦਾ ਸੁਨੇਹਾ ਨਹੀਂ ਮਿਲਦਾ, ਤਾਂ ਤਿੰਨ ਮਹੀਨੇ ਤੱਕ ਚਲਾਨ ਨਾ ਭਰਨ ਦੀ ਸਥਿਤੀ ਵਿੱਚ ਵਾਹਨ ਨੂੰ ਬਲੈਕ ਲਿਸਟ ਕੀਤਾ ਜਾ ਸਕਦਾ ਹੈ।
ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਆਪਣੇ ਮੋਬਾਇਲ ਨੰਬਰ ਨੂੰ ਜਲਦ ਤੋਂ ਜਲਦ ਆਰਟੀਏ ਦਫ਼ਤਰ ਜਾ ਕੇ ਵਾਹਨ ਦੀ RC ਨਾਲ ਲਿੰਕ ਕਰਵਾਇਆ ਜਾਵੇ। ਇਸ ਦੌਰਾਨ ਆਧਾਰ ਕਾਰਡ ਅਤੇ ਵਾਹਨ ਦੀ RC ਨਾਲ ਲਿਆਉਣਾ ਲਾਜ਼ਮੀ ਹੈ।
ਅਖੀਰ ’ਚ ਟਰੈਫਿਕ ਪੁਲਿਸ ਦੇ ਜ਼ਿਲ੍ਹਾ ਇੰਚਾਰਜ ਨੇ ਲੋਕਾਂ ਨੂੰ ਆਪਣੀ ਵਾਹਨ ਦੇ ਸਾਰੇ ਕਾਗਜ਼ ਪੂਰੇ ਰੱਖਣ ਅਤੇ ਆਵਾਜਾਈ ਦੇ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਦੀ ਅਪੀਲ ਕੀਤੀ।







