ਚੰਡੀਗੜ੍ਹ: ਪੰਜਾਬ ‘ਚ ਸੜਕ ਸੁਰੱਖਿਆ ਹਫ਼ਤੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਸੜਕ ਹਾਦਸਿਆਂ ਵਿੱਚ ਮੌਤ ਦਰ ਘਟਾਉਣ ਲਈ ਸਮੂਹ ਸਬੰਧਤ ਧਿਰਾਂ ਨੂੰ ਜ਼ੋਰਦਾਰ ਹੰਭਲਾ ਮਾਰਨ ਦਾ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ਹਾਦਸਿਆਂ ਵਿੱਚ ਅਜਾਈਂ ਜਾ ਰਹੀਆਂ ਮੌਤਾਂ ਨੂੰ ਰੋਕਣ ਲਈ ਸਬੰਧਤ ਵਿਭਾਗਾਂ, ਸਮਾਜ ਸੇਵੀ ਸੰਸਥਾਵਾਂ ਅਤੇ ਖ਼ਾਸਕਰ ਰਾਹਗੀਰਾਂ ਨੂੰ ਜ਼ਿੰਮੇਵਾਰੀ ਨਾਲ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਅਤੇ ਇੱਕ ਹਫ਼ਤੇ ਦੀ ਬਜਾਏ ਸਾਰਾ ਸਾਲ ਖ਼ੁਦ ਨੂੰ ਸੜਕ ਸੁਰੱਖਿਆ ਨੂੰ ਸਮਰਪਿਤ ਕਰਨਾ ਪਵੇਗਾ।
ਸੜਕੀ ਆਵਾਜਾਈ ਅਤੇ ਰਾਜ-ਮਾਰਗ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 11 ਤੋਂ 17 ਜਨਵਰੀ, 2023 ਤੱਕ ਸੜਕ ਸੁਰੱਖਿਆ ਹਫ਼ਤਾ ਮਨਾਉਣ ਦੇ ਫ਼ੈਸਲੇ ਤਹਿਤ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਵੱਲੋਂ ਉਲੀਕੇ ਪ੍ਰੋਗਰਾਮ ਦਾ ਆਗ਼ਾਜ਼ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਜ਼ਿਆਦਾਤਰ ਵੱਡੇ ਅਤੇ ਘਾਤਕ ਸੜਕ ਹਾਦਸੇ ਦਸੰਬਰ ਤੋਂ ਫ਼ਰਵਰੀ ਤੱਕ ਧੁੰਦ ਦੇ ਮੌਸਮ ਦੌਰਾਨ ਵਾਪਰਦੇ ਹਨ, ਜਿਨ੍ਹਾਂ ਨੂੰ ਘਟਾਉਣਾ ਵੱਡੀ ਚੁਣੌਤੀ ਹੈ ਅਤੇ ਇਸ ਲਈ ਵਿਸ਼ੇਸ਼ ਮੁਹਿੰਮ ਦੀ ਲੋੜ ਹੈ। ਉਨ੍ਹਾਂ ਟ੍ਰੈਫ਼ਿਕ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਧੁੰਦ ਦੇ ਮੌਸਮ ਦੌਰਾਨ ਹਾਦਸਿਆਂ ਦਾ ਕਾਰਨ ਬਣ ਰਹੇ ਸੜਕਾਂ ‘ਤੇ ਖੜ੍ਹੇ ਵੱਡੇ ਵਾਹਨਾਂ ਦੇ ਚਲਾਨ ਕੀਤੇ ਜਾਣ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਰੋਡ ਐਕਸੀਡੈਂਟ ਰਿਪੋਰਟ-2021 ਅਨੁਸਾਰ ਸੂਬੇ ਵਿੱਚ ਸੜਕ ਹਾਦਸਿਆਂ ਵਿੱਚ ਲਗਭਗ 4,589 ਲੋਕਾਂ ਦੀ ਮੌਤ ਹੋਈ ਅਤੇ ਰੋਜ਼ਾਨਾ 13 ਲੋਕ ਆਪਣੀ ਜਾਨ ਗੁਆ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਲ ਸੜਕ ਹਾਦਸਿਆਂ ਵਿੱਚੋਂ 72 ਫ਼ੀਸਦੀ ਸੜਕ ਹਾਦਸੇ ਕੌਮੀ ਅਤੇ ਰਾਜ ਮਾਰਗਾਂ ‘ਤੇ ਹੁੰਦੇ ਹਨ ਅਤੇ 60 ਫ਼ੀਸਦੀ ਸੜਕ ਹਾਦਸੇ ਪੇਂਡੂ ਖੇਤਰਾਂ ਵਿੱਚ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਸੜਕ ਹਾਦਸਿਆਂ ਵਿੱਚ ਮਰਨ ਵਾਲੇ 70 ਫ਼ੀਸਦੀ ਲੋਕ 18 ਤੋਂ 45 ਸਾਲ ਉਮਰ ਦੇ ਹੁੰਦੇ ਹਨ। ਸੂਬੇ ਵਿੱਚ ਹਾਦਸਿਆਂ ਵਿੱਚ ਜ਼ਿਲ੍ਹਾ ਰੋਪੜ, ਫ਼ਤਹਿਗੜ੍ਹ ਸਾਹਿਬ ਅਤੇ ਮੋਹਾਲੀ ਸਭ ਤੋਂ ਵੱਧ ਯੋਗਦਾਨ ਪਾ ਰਹੇ ਹਨ ਜਦਕਿ ਜਲੰਧਰ ਤੇ ਲੁਧਿਆਣਾ ਸ਼ਹਿਰ ਸਭ ਤੋਂ ਵੱਧ ਹਾਦਸਿਆਂ ਵਾਲੇ ਸ਼ਹਿਰ ਬਣ ਗਏ ਹਨ।
ਸੜਕ ਸੁਰੱਖਿਆ ਅਤੇ ਹਾਦਸਿਆਂ ਵਿਚ ਲੋਕਾਂ ਦੀ ਜਾਨ ਬਚਾਉਣ ਜਿਹੇ ਭਲਾਈ ਕਾਰਜਾਂ ਵਿੱਚ ਜੁਟੀਆਂ ਸਮਾਜ-ਸੇਵੀ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਅਜਿਹੀਆਂ ਸੰਸਥਾਵਾਂ ਅਤੇ ਵਿਅਕਤੀਆਂ ਨੂੰ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਸਮਾਜ-ਸੇਵੀ ਸੰਸਥਾਵਾਂ ਨੂੰ ਵੱਧ-ਚੜ੍ਹ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੜਕ ਸੁਰੱਖਿਆ ਲਈ ਸਰਕਾਰ ਨੂੰ ਸੁਝਾਅ ਦੇਣ ਤਾਂ ਜੋ ਲੋਕਾਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h