ਰੂਸ ਦੇ ਰੱਖਿਆ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਰੂਸੀ ਬਲਾਂ ਨੇ ਐਤਵਾਰ ਨੂੰ ਯੂਕ੍ਰੇਨ ਦੇ ਪੂਰਬੀ ਖੇਤਰ ਸਥਿਤ ਲੁਹਾਂਸਕ ਸੂਬੇ ਦੇ ਅਹਿਮ ਸ਼ਹਿਰਾਂ ‘ਤੇ ਕਬਜ਼ਾ ਕਰ ਲਿਆ ਹੈ, ਜਿਸ ‘ਤੇ ਹੁਣ ਤੱਕ ਯੂਕ੍ਰੇਨ ਦਾ ਕੰਟਰੋਲ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਰੂਸ ਯੂਕ੍ਰੇਨ ਦੇ ਪੂਰੇ ਡੋਨਬਾਸ ਇਲਾਕੇ ‘ਤੇ ਕਬਜ਼ਾ ਕਰਨ ਦੇ ਟੀਚੇ ਦੇ ਕਰੀਬ ਪਹੁੰਚ ਗਿਆ ਹੈ। ਰੂਸੀ ਸਮਾਚਾਰ ਏਜੰਸੀ ਮੁਤਾਬਕ, ਰੱਖਿਆ ਮੰਤਰੀ ਮਿਲਿਸ਼ੀਆ ਨਾਲ ਮਿਲ ਕੇ ”ਲਿਸਿਚਾਂਸਕ ਸ਼ਹਿਰ ‘ਤੇ ਪੂਰੀ ਤਰ੍ਹਾਂ ਕੰਟਰੋਲ ਸਥਾਪਿਤ ਕਰ ਲਿਆ ਹੈ। ਯੂਕ੍ਰੇਨ ਦੇ ਅਧਿਕਾਰੀਆਂ ਨੇ ਤੁਰੰਤ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ।
ਯੂਕ੍ਰੇਨ ਦੇ ਲੜਾਕੇ ਪਿਛਲੇ ਕਈ ਹਫ਼ਤਿਆਂ ਤੋਂ ਲਿਸਿਚਾਂਸਕ ਸ਼ਹਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹੁਣ ਰੂਸ ਦੇ ਮੁਕਾਬਲੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੋ ਰਹੀ ਹੈ ਜਦਕਿ ਗੁਆਂਢੀ ਸਿਵਿਏਰੋਡੋਨੇਤਸਕ ‘ਤੇ ਇਕ ਹਫ਼ਤੇ ਪਹਿਲਾਂ ਹੀ ਰੂਸ ਦਾ ਕਬਜ਼ਾ ਹੋ ਚੁੱਕਿਆ ਹੈ। ਯੂਕ੍ਰੇਨੀ ਰਾਸ਼ਟਰਪਤੀ ਦੇ ਇਕ ਸਲਾਹਕਾਰ ਦਾ ਅਨੁਮਾਨ ਸੀ ਕਿ ਜਲਦ ਹੀ ਸ਼ਹਿਰ ਦਾ ਭਵਿੱਖ ਤੈਅ ਹੋ ਜੇਵਾਗਾ। ਲੁਹਾਂਸਕ ਦੇ ਗਵਰਨਰ ਨੇ ਐਤਵਾਰ ਸਵੇਰੇ ਦੱਸਿਆ ਸੀ ਕਿ ਰੂਸ ਦੀਆਂ ਫੌਜਾਂ ਯੂਕ੍ਰੇਨ ਦੇ ਪੂਰਬੀ ਲਹੁਾਂਸਕ ਸੂਬੇ ‘ਚ ਬਚੇ ਆਖ਼ਿਰੀ ਗੜ੍ਹ ‘ਤੇ ਕਬਜ਼ਾ ਕਰਨ ਲਈ ਆਪਣੀ ਸਥਿਤੀ ਮਜ਼ਬੂਤ ਕਰ ਰਹੀ ਹੈ। ਲੁਹਾਂਸਕ ਦੇ ਗਵਰਨਰ ਸੇਰਹੀ ਹੈਦੈ ਨੇ ਟੈਲੀਗ੍ਰਾਮ ਮੈਸੇਜਿੰਗ ਐਪ ਰਾਹੀਂ ਕਿਹਾ ਕਿ ਕਬਜ਼ਾ ਕਰਨ ਵਾਲੇ (ਰੂਸ) ਨੇ ਆਪਣੀਆਂ ਸਾਰੀਆਂ ਫੌਜਾਂ ਲਿਸਿਚਾਂਸਕ ਸ਼ਹਿਰ ਵੱਲ ਭੇਜ ਦਿੱਤੀਆਂ ਹਨ।