ਮੋਹਾਲੀ ਦੀ ਇਕ ਨਿੱਜੀ ਯੂਨੀਵਰਸਿਟੀ ‘ਚ ਇਤਰਾਜ਼ਯੋਗ ਵਾਇਰਲ ਵੀਡੀਓ ਮਾਮਲੇ ਦੇ ਸਾਹਮਣੇ ਆਉਣ ਮਗਰੋਂ ਯੂਨੀਵਰਸਿਟੀ ਨੂੰ ਇਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਵੱਲੋਂ 19 ਤੋਂ ਲੈ ਕੇ 24 ਸਤੰਬਰ ਤੱਕ ਨਾਨ ਟੀਚਿੰਗ ਡੇਅ ਦਾ ਐਲਾਨਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਅਕਾਦਮਿਕ ਅਤੇ ਗੈਰ-ਅਕਾਦਮਿਕ ਵਿਭਾਗਾਂ ਦੇ ਸਾਰੇ ਫੈਕਲਟੀ/ਸਟਾਫ਼ ਮੈਂਬਰ ਆਪਣੇ-ਆਪਣੇ ਵਿਭਾਗਾਂ ‘ਚ ਆਮ ਵਾਂਗ ਰਿਪੋਰਟ ਕਰਨਗੇ। ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਆਮ ਵਾਂਗ ਬਰਕਰਾਰ ਰੱਖਿਆ ਜਾਵੇਗਾ।
ਜਾਣੋ ਕੀ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਯੂਨੀਵਰਸਿਟੀ ’ਚ 60 ਕੁੜੀਆਂ ਦੀਆਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ 8 ਕੁੜੀਆਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਗੱਲ ਵੀ ਸਾਹਮਣੇ ਆਈ। ਇਸ ਤੋਂ ਬਾਅਦ ਯੂਨੀਵਰਸਿਟੀ ਦਾ ਬਿਆਨ ਸਾਹਮਣੇ ਆਇਆ। ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਡਾ. ਆਰ. ਐੱਸ. ਬਾਵਾ ਵੱਲੋਂ 60 ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਨਿਰਆਧਾਰ ਦੱਸਿਆ ਗਿਆ।
ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥਣ ਦਾ ਕੋਈ ਵੀਡੀਓ ਇਤਰਾਜ਼ਯੋਗ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਸਿਰਫ ਇਕ ਕੁੜੀ ਵੱਲੋਂ ਸ਼ੂਟ ਕੀਤੀ ਗਈ ਇਕ ਨਿੱਜੀ ਵੀਡੀਓ ਤੋਂ ਇਲਾਵਾ ਅਜਿਹੀ ਹੋਰ ਕੋਈ ਵੀ ਵੀਡੀਓ ਨਹੀਂ ਮਿਲੀ ਹੈ। ਇਹ ਵੀਡੀਓ ਕੁੜੀ ਨੇ ਆਪਣੇ ਦੋਸਤ ਨੂੰ ਭੇਜੀ ਸੀ।
ਉਨ੍ਹਾਂ ਕਿਹਾ ਕਿ 7 ਕੁੜੀਆਂ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦੀਆਂ ਖ਼ਬਰਾਂ ‘ਚ ਵੀ ਕੋਈ ਸੱਚਾਈ ਨਹੀਂ ਹੈ ਅਤੇ ਨਾ ਹੀ ਕਿਸੇ ਕੁੜੀ ਨੇ ਅਜਿਹਾ ਕਦਮ ਚੁੱਕਣ ਦੀ ਕੋਈ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਕਿਸੇ ਵੀ ਕੁੜੀ ਨੂੰ ਹਸਪਤਾਲ ਦਾਖ਼ਲ ਨਹੀਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਅਪੀਲ ਮਗਰੋਂ ਉਨ੍ਹਾ ਨੇ ਖ਼ੁਦ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਨੂੰ ਸੌਂਪ ਦਿੱਤੀ ਹੈ।