ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਖੈਬਰ ਪਖਤੂਨਖਵਾ ਸੂਬੇ ‘ਚ ਸੋਮਵਾਰ ਨੂੰ ਕੁੱਝ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਸ ਮੁਲਾਜ਼ਮ ਅਤੇ 2 ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਦੋਂ ਵਾਪਰੀ ਜਦੋਂ ਕੁਝ ਹਥਿਆਰਬੰਦ ਹਮਲਾਵਰਾਂ ਨੇ ਖੈਬਰ ਪਖਤੂਨਖਵਾ ਸੂਬੇ ਦੇ ਓਰਕਜ਼ਈ ਕਬਾਇਲੀ ਜ਼ਿਲ੍ਹੇ ‘ਚ ਇਕ ਨਿਰਮਾਣ ਅਧੀਨ ਪੁਲਸ ਸਟੇਸ਼ਨ ਦੀ ਇਮਾਰਤ ‘ਚੋਂ ਇਕ ਪੁਲਸ ਕਰਮਚਾਰੀ ਅਤੇ 2 ਮਜ਼ਦੂਰਾਂ ਨੂੰ ਅਗਵਾ ਕਰ ਲਿਆ।
ਇਹ ਵੀ ਪੜ੍ਹੋ- ਬ੍ਰਿਟੇਨ ‘ਚ 2 ਭਾਰਤੀ ਬਾਲਗਾਂ ਦੀ ਝੀਲ ‘ਚ ਡੁੱਬਣ ਕਾਰਨ ਹੋਈ ਮੌਤ
ਇਸ ਤੋਂ ਬਾਅਦ ਹਮਲਾਵਰਾਂ ਨੇ ਕੁਝ ਦੂਰ ਲਿਜਾ ਕੇ ਤਿੰਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ, ‘ਤਿੰਨ ਵਿਅਕਤੀਆਂ ਨੂੰ ਕੁਝ ਅਣਪਛਾਤੇ ਹਮਲਾਵਰਾਂ ਨੇ ਨਿਰਮਾਣ ਅਧੀਨ ਥਾਣੇ ਤੋਂ ਅਗਵਾ ਕਰ ਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਗੋਲੀਆਂ ਨਾਲ ਵਿੰਨ੍ਹੀਆਂ ਲਾਸ਼ਾਂ ਪੁਲਸ ਸਟੇਸ਼ਨ ਦੀ ਇਮਾਰਤ ਤੋਂ ਥੋੜ੍ਹੀ ਦੂਰੀ ‘ਤੇ ਮਿਲੀਆਂ।’ ਉਨ੍ਹਾਂ ਕਿਹਾ ਕਿ ਬਾਅਦ ‘ਚ ਪੁਲਸ ਦੀ ਇਕ ਵਿਸ਼ੇਸ਼ ਟੀਮ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ। ਪੁਲਸ ਨੇ ਇਲਾਕੇ ‘ਚ ਘਰ-ਘਰ ਜਾ ਕੇ ਤਲਾਸ਼ੀ ਮੁਹਿੰਮ ਚਲਾਈ। ਪੁਲਸ ਅਧਿਕਾਰੀ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।