ਪੰਜਾਬ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਮਸਲੇ ਦੇ ਹੱਲ ਲਈ ਨਵੇਂ ਡੀਜੀਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਸਬੰਧ ਵਿੱਚ ਯੂਪੀਐਸਸੀ ਨੂੰ ਇੱਕ ਪੈਨਲ ਭੇਜਿਆ ਹੈ, ਜਿਸ ਵਿੱਚ ਸਿਧਾਰਥ ਚਟੋਪਾਧਿਆਏ ਸਮੇਤ 10 ਸੀਨੀਅਰ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਸਿੱਧੂ ਦੇ ਅਸਤੀਫੇ ਦਾ ਮੁੱਦਾ ਗੁੰਝਲਦਾਰ ਹੈ।ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਵੀਰਵਾਰ ਨੂੰ ਦੋ ਘੰਟਿਆਂ ਤੱਕ ਚੱਲੀ ਮੀਟਿੰਗ ਵਿੱਚ ਕੋਈ ਸਹਿਮਤੀ ਨਹੀਂ ਬਣੀ। ਕਾਂਗਰਸ ਹਾਈ ਕਮਾਂਡ ਸੂਬਾ ਕਾਂਗਰਸ ਅਤੇ ਸਰਕਾਰ ਦਰਮਿਆਨ ਵੱਡੇ ਫੈਸਲਿਆਂ ‘ਤੇ ਤਾਲਮੇਲ ਕਰਨ ਲਈ ਇੱਕ ਪੈਨਲ ਦਾ ਗਠਨ ਕਰਨ ਜਾ ਰਹੀ ਹੈ। ਇਸ ਪੈਨਲ ਵਿੱਚ ਸੂਬਾ ਪ੍ਰਧਾਨ ਸਿੱਧੂ, ਮੁੱਖ ਮੰਤਰੀ ਚੰਨੀ ਅਤੇ ਹਾਈ ਕਮਾਂਡ ਦਾ ਪ੍ਰਤੀਨਿਧੀ ਸ਼ਾਮਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਸਿੱਧੂ ਨੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ‘ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਡੀਜੀਪੀ ਸਹੋਤਾ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਦੇ ਮੁਖੀ ਸਨ ਅਤੇ ਉਨ੍ਹਾਂ ਨੇ ਹੀ ਇਸ ਮਾਮਲੇ ਵਿੱਚ ਦੋ ਸਿੱਖ ਨੌਜਵਾਨਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਅਤੇ ਬਾਦਲਾਂ ਨੂੰ ਕਲੀਨ ਚਿੱਟ ਦਿੱਤੀ।