Vaishali Thakkar Suicide Case: ਇੰਦੌਰ ਪੁਲਿਸ ਨੇ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਦੇ ਖੁਦਕੁਸ਼ੀ ਮਾਮਲੇ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਰਾਹੁਲ ਨਵਲਾਨੀ ਨੂੰ ਪੁਲਸ ਨੇ ਇੰਦੌਰ ਤੋਂ ਗ੍ਰਿਫਤਾਰ ਕੀਤਾ ਹੈ। ਵੈਸ਼ਾਲੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਉਹ ਫਰਾਰ ਸੀ। ਵੈਸ਼ਾਲੀ ਨੇ ਆਪਣੇ ਸੁਸਾਈਡ ਨੋਟ ‘ਚ ਰਾਹੁਲ ਨਵਲਾਨੀ ਅਤੇ ਉਸ ਦੀ ਪਤਨੀ ਦਿਸ਼ਾ ਨਵਲਾਨੀ ‘ਤੇ ਗੰਭੀਰ ਦੋਸ਼ ਲਗਾਏ ਸਨ।
ਦੱਸ ਦੇਈਏ ਕਿ ਪੁਲਿਸ ਨੇ ਦੋਵੇਂ ਫਰਾਰ ਮੁਲਜ਼ਮਾਂ ‘ਤੇ ਪੰਜ-ਪੰਜ ਹਜ਼ਾਰ ਰੁਪਏ ਇਨਾਮ ਦਾ ਐਲਾਨ ਕੀਤਾ ਸੀ। ਬੁੱਧਵਾਰ ਸ਼ਾਮ ਨੂੰ ਪੁਲਸ ਨੇ ਦੋਸ਼ੀ ਰਾਹੁਲ ਨੂੰ ਗ੍ਰਿਫਤਾਰ ਕਰ ਲਿਆ। ਉਸ ਦੀ ਪਤਨੀ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਸੰਭਾਵੀ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੰਦੌਰ ਦੇ ਪੁਲਿਸ ਕਮਿਸ਼ਨਰ ਹਰੀਨਾਰਾਇਣ ਚਾਰੀ ਮਿਸ਼ਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਤੁਹਾਨੂੰ ਦੱਸ ਦੇਈਏ ਕਿ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਫੇਮ ਟੀਵੀ ਅਦਾਕਾਰਾ ਵੈਸ਼ਾਲੀ ਠੱਕਰ ਨੇ ਹਾਲ ਹੀ ਵਿੱਚ ਆਪਣੇ ਇੰਦੌਰ ਸਥਿਤ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਜਦੋਂ ਉਸ ਦੇ ਘਰੋਂ ਸੁਸਾਈਡ ਨੋਟ ਮਿਲਿਆ ਤਾਂ ਉਸ ਦੀ ਖੁਦਕੁਸ਼ੀ ਦਾ ਰਾਜ਼ ਖੁੱਲ੍ਹ ਗਿਆ। ਸੁਸਾਈਡ ਨੋਟ ‘ਚ ਵੈਸ਼ਾਲੀ ਨੇ ਲਿਖਿਆ ਸੀ, ਉਸ ਦਾ ਵਿਆਹੁਤਾ ਗੁਆਂਢੀ ਰਾਹੁਲ ਨਵਲਾਨੀ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਸੀ। ਵੈਸ਼ਾਲੀ ਇਸ ਕਾਰਨ ਬਹੁਤ ਉਲਝਣ ਵਿੱਚ ਸੀ।
ਉਸ ਦੇ ਮਾਤਾ-ਪਿਤਾ ਅਤੇ ਭਰਾ ਨੇ ਇਸ ਮਾਮਲੇ ‘ਚ ਕਈ ਗੱਲਾਂ ਦੱਸੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਕੋ-ਸਟਾਰ ਨਿਸ਼ਾਂਤ ਸਿੰਘ ਮਲਖਾਨੀ ਨੇ ਇਸ ਮਾਮਲੇ ‘ਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
ਵੈਸ਼ਾਲੀ ਠੱਕਰ ਦੇ ਭਰਾ ਨੀਰਜ ਨੇ ਹਾਲ ਹੀ ‘ਚ ਦੱਸਿਆ ਸੀ ਕਿ ਵੈਸ਼ਾਲੀ ਦਾ ਚਾਰ ਦਿਨਾਂ ਬਾਅਦ ਵਿਆਹ ਸੀ। ਇਸ ਤੋਂ ਪਹਿਲਾਂ ਵੀ ਰਾਹੁਲ ਦੇ ਕਾਰਨ ਇਕ ਵਾਰ ਅਦਾਕਾਰਾ ਦੀ ਮੰਗਣੀ ਟੁੱਟ ਗਈ ਸੀ, ਜਿਸ ਕਾਰਨ ਉਹ ਕਾਫੀ ਦੁਖੀ ਸੀ। ਦੂਜੇ ਪਾਸੇ ਵੈਸ਼ਾਲੀ ਨੇ ਸੁਸਾਈਡ ਨੋਟ ‘ਚ ਦੱਸਿਆ ਕਿ ਕਿਸ ਤਰ੍ਹਾਂ ਰਾਹੁਲ ਉਸ ‘ਤੇ ਤਸ਼ੱਦਦ ਕਰ ਰਿਹਾ ਸੀ।