ਵਿਜੀਲੈਂਸ ਵੱਲੋਂ 20 ਹਜਾਰ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਦਾ ਪੀਏ ਅਤੇ ਉਸ ਦਾ ਸਾਥੀ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜਲੈਂਸ ਵੱਲੋਂ ਡਿਪਟੀ ਕਮਿਸ਼ਨਰ ਦੇ ਪੀਏ ਹਰਮਨਜੀਤ ਸਿੰਘ ਅਤੇ ਇੱਕ ਹੋਰ ਕਰਮਚਾਰੀ ਜਗਰੂਪ ਸਿੰਘ ਨੂੰ ਅੱਜ ਟਰੈਪ ਲਗਾਉਂਦੇ ਹੋਏ ਗਿਰਫਤਾਰ ਕੀਤਾ ਗਿਆ ਹੈ।
ਸ਼ਿਕਾਇਤ ਕਰਤਾ ਸੰਦੀਪ ਸਿੰਘ ਪੁੱਤਰ ਗੁਰਬਖਸ਼ ਸਿੰਘ ਨਿਵਾਸੀ ਤਰਨ ਤਰਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਬੂਥਾਂ ਅਤੇ ਗਿਣਤੀ ਕੇਂਦਰਾਂ ਉੱਪਰ ਸੁਰੱਖਿਆ ਸਬੰਧੀ ਲਗਾਏ ਗਏ ਵੱਡੀ ਗਿਣਤੀ ਵਿੱਚ ਕੈਮਰਿਆਂ ਦਾ ਠੇਕਾ ਲਿਆ ਗਿਆ ਸੀ ਜਿਸ ਦੇ ਚਲਦਿਆਂ ਉਸ ਦੀ ਬਣਦੀ ਸਰਕਾਰੀ ਰਕਮ ਦੇ ਬਿੱਲ ਡਿਪਟੀ ਕਮਿਸ਼ਨਰ ਪਾਸੋਂ ਪਾਸ ਕਰਵਾਉਣ ਸਬੰਧੀ ਪੀ.ਏ 40 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ।
ਸੰਦੀਪ ਸਿੰਘ ਵੱਲੋਂ 20 ਹਜਾਰ ਦੀ ਰਾਸ਼ੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ ਜਦਕਿ ਅੱਜ ਬੁੱਧਵਾਰ ਦੁਪਹਿਰੇ 20 ਹਜਾਰ ਰੁਪਏ ਦੀ ਨਕਦੀ ਦੇਣ ਸਮੇਂ ਵਿਜੀਲੈਂਸ ਦੀ ਟੀਮ ਵੱਲੋਂ ਟਰੈਪ ਲਗਾਉਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਟੀਮ ਵੱਲੋਂ ਦੋਵਾਂ ਗਿਰਿਫਤਾਰ ਕੀਤੇ ਗਏ ਮੁਲਜ਼ਮਾਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।










