Punjab Vigilance Bureau: ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਾਬਕਾ ਜੰਗਲਾਤ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿੱਚ ਪਲਾਟ ਖਰੀਦ ਕੇ ਸਾਜਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿੱਚ ਵੇਚਣ ਦੇ ਦੋਸ਼ ਹੇਠ ਉਕਤ ਹਰਪ੍ਰੀਤ ਸਿੰਘ ਤੋਂ ਇਲਾਵਾ ਤਿੰਨ ਹੋਰ ਵਿਅਕਤੀਆਂ ਨੂੰ ਪਹਿਲਾਂ ਤੋਂ ਹੀ ਦਰਜ ਭ੍ਰਿਸ਼ਟਾਚਾਰ ਦੇ ਇੱਕ ਮੁਕੱਦਮੇ ਵਿੱਚ ਬਤੌਰ ਦੋਸ਼ੀ ਨਾਮਜ਼ਦ ਕੀਤਾ ਹੈ।
ਇਸ ਕੇਸ ਵਿੱਚ ਵਿਜੀਲੈਂਸ ਬਿਉਰੋ ਵੱਲੋਂ ਦੋ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗ੍ਰਿਫਤਾਰ ਕਰਨ ਉਪਰੰਤ ਮੋਹਾਲੀ ਦੀ ਅਦਾਲਤ ਵਿਖੇ ਪੇਸ਼ ਕਰਕੇ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਹੋਰ ਪੜਤਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਊਰੋ ਵੱਲੋਂ ਪਹਿਲਾਂ ਹੀ ਮੁਕੱਦਮਾ ਨੰਬਰ 06 ਮਿਤੀ 06-02-2023 ਨੂੰ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13(1), 13(2) ਤਹਿਤ ਵਿਜੀਲੈਂਸ ਬਿਉਰੋ ਉਡਣ ਦਸਤਾ, ਪੰਜਾਬ, ਮੋਹਾਲੀ ਦੇ ਥਾਣੇ ਵਿੱਚ ਦਰਜ ਹੈ। ਇਸ ਕੇਸ ਦੀ ਤਫਤੀਸ਼ ਤੋਂ ਪਾਇਆ ਗਿਆ ਕਿ ਮੁਲਜ਼ਮ ਰਾਜ ਕੁਮਾਰ ਨਾਗਪਾਲ, ਵਾਸੀ ਸੈਕਟਰ 8, ਪੰਚਕੂਲਾ, ਹਰਿਆਣਾ ਵੱਲੋਂ ਪਲਾਟ ਨੰਬਰ 2023, ਸੈਕਟਰ-88 ਮੋਹਾਲੀ ਦੀ ਐਲ.ਓ.ਆਈ. ਗੁਰਮਿੰਦਰ ਸਿੰਘ ਗਿੱਲ, ਵਾਸੀ ਕੋਠੀ ਨੰਬਰ 1677, ਫੇਸ-3ਬੀ-2 ਮੋਹਾਲੀ ਪਾਸੋਂ ਮਿਤੀ 27.11.2018 ਨੂੰ ਇੱਕ ਅਸ਼ਟਾਮ (ਨੰਬਰ ਏਈ773271) ਰਾਹੀਂ 60 ਲੱਖ ਰੁਪਏ ਵਿੱਚ ਖਰੀਦੀ ਗਈ ਜਦਕਿ ਉਸੇ ਦਿਨ ਉਸੇ ਅਸਟਾਮ ਦੀ ਲੜੀ ਵਿੱਚ ਇੱਕ ਹੋਰ ਅਸਟਾਮ (ਨੰਬਰ ਏਈ773272) ਖਰੀਦ ਕਰਕੇ, ਮੁਲਜ਼ਮ ਰਾਜ ਕੁਮਾਰ ਵੱਲੋਂ ਇਹੀ ਪਲਾਟ ਅੱਗੇ ਦੋਸ਼ੀ ਸਾਧੂ ਸਿੰਘ ਧਰਮਸੋਤ, ਸਾਬਕਾ ਜੰਗਲਾਤ ਮੰਤਰੀ ਪੰਜਾਬ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿੱਚ ਘਟਾਕੇ ਸਿਰਫ 25 ਲੱਖ ਰੁਪਏ ਵਿੱਚ ਸਾਜਿਸ਼ ਤਹਿਤ ਵੇਚ ਦਿੱਤਾ ਗਿਆ। ਇਸ ਪਲਾਟ ਦੀ ਖਰੀਦ ਤੇ ਵਿੱਕਰੀ ਸਮੇਂ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ, ਵਾਸੀ ਸੈਕਟਰ 82 ਜੇ.ਐਲ.ਪੀ.ਐਲ., ਮੁਹਾਲੀ ਵੱਲੋਂ ਬਤੌਰ ਗਵਾਹ ਦਸਤਖਤ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਇਸ 60 ਲੱਖ ਰੁਪਏ ਦੀ ਰਕਮ ਵਿੱਚੋਂ ਉਕਤ ਮੁਲਜ਼ਮ ਰਾਜ ਕੁਮਾਰ ਦੇ ਖਾਤੇ ਵਿੱਚ ਪਹਿਲਾਂ ਹੀ ਅਨਮੋਲ ਅੰਪਾਇਰ ਪ੍ਰਾਈਵੇਟ ਲਿਮਟਿਡ ਦੇ ਪ੍ਰੋਪਰਾਈਟਰ ਮੁਲਜ਼ਮ ਰਾਜੇਸ਼ ਕੁਮਾਰ ਚੋਪੜਾ ਵੱਲੋਂ 22,50,000 ਰੁਪਏ, ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵੱਲੋਂ 25,00,000 ਰੁਪਏ ਅਤੇ ਬਾਕੀਆਂ ਵੱਲੋਂ 12,10,000 ਰੁਪਏ ਜਮ੍ਹਾਂ ਕਰਵਾ ਦਿੱਤੇ ਗਏ। ਰਾਜ ਕੁਮਾਰ ਤੋਂ ਇਹ ਐਲ.ਓ.ਆਈ. ਅੱਗੇ ਹਰਪ੍ਰੀਤ ਸਿੰਘ ਨੂੰ ਦਿਵਾਉਣ ਵਿੱਚ ਰਾਜ ਕੁਮਾਰ ਸਰਪੰਚ, ਪ੍ਰਾਪਰਟੀ ਡੀਲਰ, ਜੁਝਾਰ ਨਗਰ ਮੋਹਾਲੀ ਅਤੇ ਵਾਸੀ ਫੇਸ 6, ਮੋਹਾਲੀ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਬੁਲਾਰੇ ਨੇ ਦੱਸਿਆ ਕਿ ਗਮਾਡਾ ਦੇ ਰਿਕਾਰਡ ਮੁਤਾਬਿਕ ਵਿੱਕਰੀਕਰਤਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਰਾਜ ਕੁਮਾਰ ਦੇ ਨਾਮ ਪਰ ਐਲ.ਓ.ਆਈ. ਤਬਦੀਲ ਹੋਣ ਸਬੰਧੀ ਕੋਈ ਰਿਕਾਰਡ ਮੌਜੂਦ ਨਹੀਂ ਹੈ ਅਤੇ ਸਿੱਧਾ ਗੁਰਮਿੰਦਰ ਸਿੰਘ ਗਿੱਲ ਦੇ ਨਾਮ ਤੋਂ ਉਕਤ ਹਰਪ੍ਰੀਤ ਸਿੰਘ ਦੇ ਨਾਮ ਪਰ ਪਲਾਟ ਤਬਦੀਲ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਪ੍ਰਾਪਰਟੀ ਡੀਲਰ, ਰਾਜ ਕੁਮਾਰ ਸਰਪੰਚ ਪ੍ਰਾਪਰਟੀ ਡੀਲਰ ਅਤੇ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਮਿਲੀਭੁਗਤ ਤਹਿਤ ਵੱਖ-ਵੱਖ ਐਂਟਰੀਆਂ ਰਾਹੀਂ ਰਾਜ ਕੁਮਾਰ ਨੂੰ ਇਹ ਐਲ.ਓ.ਆਈ. ਫਰਜੀ ਤੌਰ ਤੇ ਖਰੀਦ ਤੇ ਵਿੱਕਰੀ ਕਰਨੀ ਵਿਖਾਈ ਗਈ ਹੈ ਅਤੇ ਦੋਸ਼ੀ ਸਾਧੂ ਸਿੰਘ ਧਰਮਸੋਤ ਦੇ ਲੜਕੇ ਲਈ ਕਰੀਬ 60 ਲੱਖ ਰੁਪਏ ਦੇ ਪਲਾਟ ਨੂੰ 25 ਲੱਖ ਰੁਪਏ ਵਿੱਚ ਖਰੀਦ ਕਰਨ ਲਈ ਵਿਖਾਉਣ ਵਿੱਚ ਮੱਦਦ ਕੀਤੀ ਗਈ ਹੈ। ਇਸ ਲਈ ਮੌਜੂਦਾ ਮੁਕੱਦਮੇ ਵਿੱਚ ਆਈ.ਪੀ.ਸੀ. ਦੀ ਧਾਰਾ 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 12 ਦਾ ਵਾਧਾ ਕਰਦੇ ਹੋਏ ਹਰਪ੍ਰੀਤ ਸਿੰਘ ਪੁੱਤਰ ਸਾਧੂ ਸਿੰਘ ਧਰਮਸੋਤ ਵਾਸੀ ਅੰਨੀਆ ਰੋਡ, ਅਮਲੋਹ, ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਵਿੱਚ ਦੋ ਮੁਲਜ਼ਮਾਂ ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਮਿਤੀ 28.03.2023 ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h