ਗੁਰਦਾਸਪੁਰ,10 ਜੂਨ 2023 – ਚਰਚਾਂ ਵਿੱਚ ਚੱਲ ਰਹੇ ਟੀਚਿੰਗ ਫੈਲੋਜ਼ ਘੁਟਾਲੇ ਵਿੱਚ ਵਿਜੀਲੈਂਸ ਦੀ ਜਾਂਚ ਅੱਗੇ ਵਧਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਮਾਮਲਾ ਪੂਰਾਨਾ ਹੋਣ ਕਾਰਨ ਵਿਜੀਲੈਂਸ ਦੀ ਰਾਹ ਆਸਾਨ ਨਹੀਂ ਹੈ। 15 ਜਨਵਰੀ 2008 ਵਿਚ ਭਰਤੀ ਸਬੰਧੀ ਬਣਾਈਆਂ ਗਈਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਦੀ ਗੱਲ ਕਰੀਏ ਤਾਂ ਹਰ ਜਿਲੇ ਦੀਆਂ ਕਮੇਟੀਆਂ ਵਿੱਚ ਸ਼ਾਮਲ ਜ਼ਿਆਦਾਤਰ ਅਧਿਕਾਰੀ ਰਿਟਾਇਰ ਹੋ ਚੁੱਕੇ ਹਨ। ਕੁਝ ਰਿਟਾਇਰ ਹੋਣ ਤੋਂ ਬਾਅਦ ਮੁਲਕ ਨੂੰ ਛੱਡ ਕੇ ਬਾਹਰ ਜਾ ਚੁੱਕੇ ਹਨ ਅਤੇ ਕੁਝ ਇਕ ਦੀ ਮੌਤ ਵੀ ਹੋ ਚੁੱਕੀ ਹੈ।
ਗੱਲ ਜ਼ਿਲਾ ਗੁਰਦਾਸਪੁਰ ਦੀ ਭਰਤੀ ਕਮੇਟੀ ਦੀ ਕਰੀਏ ਤਾਂ ਇਸ ਵਿੱਚ 32 ਮੈਂਬਰ ਲਏ ਗਏ ਸਨ ਜਿਨ੍ਹਾਂ ਵਿੱਚੋਂ ਅਰਵਿੰਦ ਸ਼ਰਮਾ ਕਰੋਨਾ ਕਾਲ ਦੌਰਾਨ ਕਾਰ ਦਾ ਗ੍ਰਾਸ ਬਣ ਗਏ ਸੀ ਜਦ ਕਿ ਤਿੰਨ ਹੋਰ ਮੈਂਬਰ ਮੁਲਕ ਛੱਡ ਕੇ ਜਾ ਚੁੱਕੇ ਹਨ। 2008 ਤੋਂ ਅੱਜ ਤੱਕ ਦੇ 8 ਜਿਲਾ ਸਿੱਖਿਆ ਅਫਸਰ ਜਿਨ੍ਹਾਂ ਨੂੰ ਵਿਜੀਲੈਂਸ ਵੱਲੋਂ ਮੁਹਾਲੀ ਵਿਖੇ ਤਲਬ ਕੀਤਾ ਗਿਆ ਸੀ ਵਿੱਚੋਂ ਵੀ ਇੱਕ ਦੀਦਾਰ ਸਿੰਘ ਕਨੇਡਾ ਜਾ ਚੁੱਕੇ ਹਨ ਜਦ ਕਿ ਇੱਕ ਹੋਰ ਜ਼ਿਲ੍ਹਾ ਸਿੱਖਿਆ ਅਫਸਰ ਕਰਮਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ।ਅਜਿਹੇ ਹਲਾਤਾਂ ਘੁਟਾਲੇ ਦੇ ਸਾਰੇ ਦੋਸ਼ੀਆਂ ਤੱਕ ਪਹੁੰਚ ਪਾਉਣਾ ਵਿਜੀਲੈਂਸ ਲਈ ਬਹੁਤ ਔਖਾ ਸਾਬਤ ਹੋਵੇਗਾ।
ਹੁਣ ਮਾਮਲੇ ਵਿਚ ਤਾਜ਼ਾ ਜਾਣਕਾਰੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਜੀਲੈਂਸ ਵਿਭਾਗ ਵੱਲੋਂ 7 ਜੂਨ ਨੂੰ ਲਿਖੇ ਗਏ ਆਪਣੇ ਪੱਤਰ ਨੰਬਰ 671 ਰਾਹੀਂ ਗੁਰਦਾਸਪੁਰ ਮੌਜੂਦਾ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਸਿੰਘ ਭਾਟੀਆ ਸਮੇਤ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਬਲਬੀਰ ਸਿੰਘ, ਸੁਪਰੀਡੈਂਟ ਜਿਲਾ ਸਿੱਖਿਆ ਵਿਭਾਗ ਐਲੀਮੈਂਟਰੀ ਰਹੇ ਜਸਵਿੰਦਰ ਸਿੰਘ , ਸੀਨੀਅਰ ਸਹਾਇਕ ਮਾਇਆ ਦੇਵੀ, ਅਮਨਪ੍ਰੀਤ ਕੌਰ ਕਲਰਕ ਅਤੇ ਜਸਬੀਰ ਕੁਮਾਰ ਕਲਾਰਕ ਜਿਲਾ ਸਿੱਖਿਆ ਵਿਭਾਗ ਐਲੀਮੈਂਟਰੀ ਗੁਰਦਾਸਪੁਰ ਨੂੰ ਵਿਜੀਲੈਂਸ ਬਿਊਰੋ ਵੱਲੋਂ 12 ਜੂਨ ਨੂੰ ਮੁੱਖ ਦਫਤਰ ਮੋਹਾਲੀ ਵਿਖੇ ਤਲਬ ਕੀਤਾ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇਹਨਾਂ ਨੂੰ ਵਿਜੀਲੈਂਸ ਦਫਤਰ ਵਿਖੇ ਪੇਸ਼ ਹੋਣ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਸਾਰਿਆਂ ਨੂੰ 2018 ਵਿੱਚ ਬਣੀ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਜਾਂਚ ਕਮੇਟੀ ਦੇ ਸੰਬੰਧ ਵਿੱਚ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਸੁਪਰਡੈਂਟ ਅਤੇ ਮਾਇਆ ਦੇਵੀ ਸੀਨੀਅਰ ਸਹਾਇਕ ਰਿਟਾਇਰ ਹੋ ਚੁੱਕੇ ਹਨ।
ਜ਼ਾਹਰ ਹੈ ਵਿਜੀਲੈਂਸ ਬਿਊਰੋ ਟੀਚਿੰਗ ਫ਼ੈਲੋਜ਼ ਮਾਮਲੇ ਦੀ ਤਹਿ ਤੱਕ ਜਾਣ ਲਈ ਬਰੀਕੀ ਨਾਲ ਜਾਂਚ ਕਰ ਰਿਹਾ ਹੈ ਪਰ ਵੇਖਣਾ ਇਹ ਹੋਵੇਗਾ ਕਿ ਇਸ ਜਾਂਚ ਦਾ ਸਿੱਟਾ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ? ਇਹ ਵੀ ਨਿਸ਼ਚਿਤ ਹੈ ਕਿ ਮਾਮਲੇ ਵਿਚ ਵੱਡੀਆਂ ਮੱਛਲੀਆਂ ਦੀ ਅਹਿਮ ਭੂਮਿਕਾ ਹੈ। ਵੇਖਣਾ ਇਹ ਹੈ ਕਿ ਵਿਜੀਲੈਂਸ ਉਨ੍ਹਾਂ ਤੱਕ ਪਹੁੰਚ ਪਾਏਗਾ ਜਾਂ ਨਹੀਂ ? ਫਿਲਹਾਲ ਮਾਮਲੇ ਵਿੱਚ ਉੱਚ ਅਦਾਲਤ ਵੱਲੋਂ ਦਿੱਤੀ ਗਈ 17 ਜੁਲਾਈ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।