Vinesh Phogat Wrestling Final: ਵਿਨੇਸ਼ ਫੋਗਾਟ ਨੂੰ ਓਲੰਪਿਕ ਤੋਂ ਅਯੋਗ ਠਹਿਰਾਏ ਜਾਣ ਦਾ ਮੁੱਦਾ ਸੰਸਦ ਵਿੱਚ ਗੂੰਜਿਆ। ਇਸ ਬਾਰੇ ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਵੱਡਾ ਬਿਆਨ ਦਿੱਤਾ। ਪੈਰਿਸ ਓਲੰਪਿਕ ਦੇ ਫਾਈਨਲ ‘ਚੋਂ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਦੇ ਬਾਹਰ ਹੋਣ ਤੋਂ ਬਾਅਦ ਭਾਰਤ ਨੇ ਇਸ ਮਾਮਲੇ ‘ਤੇ ਸਖਤ ਵਿਰੋਧ ਜਤਾਇਆ ਹੈ। ਜਦੋਂ ਖੇਡ ਮੰਤਰੀ ਵਿਨੇਸ਼ ਫੋਗਾਟ ‘ਤੇ ਬਿਆਨ ਦੇ ਰਹੇ ਸਨ ਤਾਂ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰ ਗਈ।
ਕੇਂਦਰੀ ਖੇਡ ਮੰਤਰੀ ਨੇ ਲੋਕ ਸਭਾ ‘ਚ ਕਿਹਾ ਕਿ ਪੀਐੱਮ ਮੋਦੀ ਨੇ ਇਸ ਮਾਮਲੇ ‘ਤੇ ਭਾਰਤੀ ਓਲੰਪਿਕ ਸੰਘ ਦੀ ਪ੍ਰਧਾਨ ਪੀਟੀ ਊਸ਼ਾ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੇ ਵਿਨੇਸ਼ ਫੋਗਾਟ ਦੇ ਮੁੱਦੇ ਦੀ ਜਾਣਕਾਰੀ ਲਈ। ਉਨ੍ਹਾਂ ਇਹ ਵੀ ਜਾਣਕਾਰੀ ਲਈ ਕਿ ਭਾਰਤ ਕੋਲ ਹੁਣ ਕਿਹੜੇ-ਕਿਹੜੇ ਵਿਕਲਪ ਹਨ। ਪੀਐਮ ਮੋਦੀ ਨੇ ਵਿਨੇਸ਼ ਫੋਗਾਟ ਦੇ ਮਾਮਲੇ ‘ਚ ਮਦਦ ਲਈ ਸਾਰੇ ਵਿਕਲਪਾਂ ‘ਤੇ ਵਿਚਾਰ ਕਰਨ ਲਈ ਕਿਹਾ ਹੈ। ਪੀਐਮ ਮੋਦੀ ਨੇ ਪੀਟੀ ਊਸ਼ਾ ਨੂੰ ਅਪੀਲ ਕੀਤੀ ਸੀ ਕਿ ਉਹ ਵਿਨੇਸ਼ ਦੀ ਮਦਦ ਕਰਨ ਲਈ ਉਸਦੀ ਅਯੋਗਤਾ ‘ਤੇ ਸਖ਼ਤ ਵਿਰੋਧ ਦਰਜ ਕਰਵਾਏ।
ਉਨ੍ਹਾਂ ਅੱਗੇ ਕਿਹਾ ਕਿ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਨਿਰਧਾਰਤ ਸ਼੍ਰੇਣੀ ਵਿੱਚ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਬਾਹਰ ਹੋਣਾ ਪਿਆ। ਵਿਨੇਸ਼ 50 ਕਿਲੋ ਵਰਗ ਵਿੱਚ ਖੇਡਦੀ ਹੈ। ਉਸਦਾ ਭਾਰ ਲਗਭਗ 100 ਗ੍ਰਾਮ ਵੱਧ ਸੀ, ਜਿਸ ਤੋਂ ਬਾਅਦ ਉਸਨੂੰ ਓਲੰਪਿਕ ਮਹਿਲਾ ਕੁਸ਼ਤੀ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਭਾਰਤ ਨੇ ਅਯੋਗ ਠਹਿਰਾਏ ਜਾਣ ‘ਤੇ ਸਖ਼ਤ ਵਿਰੋਧ ਪ੍ਰਗਟਾਇਆ ਹੈ।