29 ਮਈ ਦਿਨ ਐਤਵਾਰ ਨੂੰ ਕੌਣ ਭੁਲਾ ਸਕਦਾ ਹੈ ਜਿਸ ਦਿਨ ਪੰਜਾਬ ਦੇ ਮਸ਼ਹੂਰ ਸਿੰਗਰ ਸਿੱਧੂ ਮੂਸੇਵਾਲਾ ਦਾ ਬੇਰਹਮੀ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਦਿਨ ਨੂੰ ਬੀਤੇ ਇਕ ਮਹੀਨੇ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਇਸ ਵਾਰਦਾਤ ਨੂੰ ਹਾਲੇ ਵੀ ਕੋਈ ਭੁਲਾ ਨਹੀਂ ਸਕਿਆ ਹੈ। ਸਿੱਧੂ ਦਾ ਕਤਲ ਕਰਨ ਵਾਲੇ ਜ਼ਿਆਦਾਤਰ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਸੋਸ਼ਲ ਮੀਡੀਆ ‘ਤੇ ਸਿੱਧੂ ਦੇ ਕਾਤਲਾਂ ਦੀਆਂ ਕੁਝ ਵੀਡੀਓਜ਼ ਘੁੰਮ ਰਹੀਆਂ ਹਨ, ਜਿਸ ‘ਚ ਸਿੱਧੂ ਦੇ ਕਾਤਲ ਹੱਥਾਂ ‘ਚ ਹਥਿਆਰ ਲਹਿਰਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਵੀਡੀਓਜ਼ ‘ਚ ਕੁਲ 5 ਬਦਮਾਸ਼ ਹੱਥਾਂ ‘ਚ ਪਿਸਤੌਲ ਲੈ ਕੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੀ ਹੈ, ਜਿਸ ਵਿੱਚ ਕਾਤਲ ਮੂਸੇਵਾਲਾ ਦੇ ਕਤਲ ਦਾ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ।
ਦੋਵਾਂ ਹੱਥਾਂ ‘ਚ ਗੰਨ ਲਹਿਰਾਉਂਦਾ ਨਜ਼ਰ ਆ ਰਿਹਾ ਪ੍ਰਿਅਵਰਤ ਫੌਜੀ
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਚਿਨ ਭਿਵਾਨੀ ਗੱਡੀ ਚਲਾ ਰਿਹਾ ਹੈ, ਜਦਕਿ ਪ੍ਰਿਆਵਰਤ ਫੌਜੀ ਡਰਾਈਵਰ ਸੀਟ ਦੇ ਕੋਲ ਬੈਠਾ ਹੈ। ਫੌਜੀ ਨੇ ਦੋਵੇਂ ਹੱਥਾਂ ‘ਚ ਗੰਨਾਂ ਚੁੱਕੀਆਂ ਹੋਈਆਂ ਹਨ। ਇਸ ਦੇ ਨਾਲ ਕਾਰ ਦੀ ਪਿਛਲੀ ਸੀਟ ‘ਤੇ 3 ਬਦਮਾਸ਼ ਬੈਠੇ ਹਨ। ਇਨ੍ਹਾਂ ‘ਚ ਕਪਿਲ ਪੰਡਿਤ, ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਸ਼ਾਮਲ ਹਨ। ਸਾਰੇ ਬਦਮਾਸ਼ ਜਿਸ ਤਰ੍ਹਾਂ ਮੌਜ-ਮਸਤੀ ‘ਚ ਘੁੰਮ ਰਹੇ ਹਨ, ਉਸ ਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ।
ਅੰਕਿਤ ਸੇਰਸਾ ਦੇ ਫੋਨ ‘ਚੋਂ ਬਰਾਮਦ ਹੋਈ ਵੀਡੀਓ
ਅੰਕਿਤ ਸੇਰਸਾ ਦਾ ਫੋਨ ਸਕੈਨ ਕੀਤੇ ਜਾਣ ਤੋਂ ਬਾਅਦ ਇਹ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਨੂੰ ਉਸ ਦੇ ਇੰਸਟਾਗ੍ਰਾਮ ਹੈਂਡਲ ‘ਤੇ ਪੋਸਟ ਕੀਤਾ ਗਿਆ ਸੀ, ਜਿਸ ਨੂੰ ਹੁਣ ਡਿਲੀਟ ਕਰ ਦਿੱਤਾ ਗਿਆ ਹੈ। ਅੰਕਿਤ ਸੇਰਸਾ (18) ਨੂੰ ਬੀਤੀ ਰਾਤ ਦਿੱਲੀ ਦੇ ਇਕ ਬੱਸ ਟਰਮੀਨਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਉਹ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਦਾ ਮੈਂਬਰ ਹੈ।