Congress President Election: ਕਾਂਗਰਸ ਪ੍ਰਧਾਨ ਦੀ ਚੋਣ ਲਈ ਸੋਮਵਾਰ 17 ਅਕਤੂਬਰ ਨੂੰ ਵੋਟਾਂ ਪੈਣਗੀਆਂ। ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਜਦਕਿ ਵੋਟਾਂ ਦੀ ਗਿਣਤੀ 19 ਅਕਤੂਬਰ ਦਿਨ ਬੁੱਧਵਾਰ ਨੂੰ ਹੋਵੇਗੀ ਅਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮੁੱਖ ਮੁਕਾਬਲਾ ਮਲਿਕਾਰਜੁਨ ਖੜਗੇ (Mallikarjun Kharge) ਅਤੇ ਸ਼ਸ਼ੀ ਥਰੂਰ (Shashi Tharoor) ਵਿਚਕਾਰ ਹੈ।
ਇਸ ਚੋਣ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਿੱਸਾ ਲੈਣਗੇ। ਕਾਂਗਰਸ ਪ੍ਰਧਾਨ ਲਈ ਪਾਰਟੀ ਦੇ ਉਹ 9 ਹਜ਼ਾਰ ਪ੍ਰਤੀਨਿਧੀ ਜੋ ਪ੍ਰਦੇਸ਼ ਕਾਂਗਰਸ ਕਮੇਟੀਆਂ (PCC) ਦੇ ਮੈਂਬਰ ਹਨ, ਵੋਟ ਪਾਉਣਗੇ। ਇਨ੍ਹਾਂ ਨੂੰ ਡੈਲੀਗੇਟ ਵੀ ਕਿਹਾ ਜਾਂਦਾ ਹੈ।
ਮੌਜੂਦਾ ਕਾਂਗਰਸ ਪ੍ਰਧਾਨ (ਅੰਤਰਿਮ) ਸੋਨੀਆ ਗਾਂਧੀ, ਏਆਈਸੀਸੀ ਦੇ ਜਨਰਲ ਸਕੱਤਰ, ਸੂਬਾ ਇੰਚਾਰਜ, ਸਕੱਤਰ ਅਤੇ ਸੰਯੁਕਤ ਸਕੱਤਰਾਂ ਦੇ ਨਾਲ 17 ਅਕਤੂਬਰ ਨੂੰ 24 ਅਕਬਰ ਰੋਡ, ਕਾਂਗਰਸ ਹੈੱਡਕੁਆਰਟਰ ਵਿਖੇ ਆਪਣੀ ਵੋਟ ਪਾਉਣਗੇ। ਕਾਂਗਰਸ ਹੈੱਡਕੁਆਰਟਰ ਦੇ ਨਾਲ-ਨਾਲ ਦੇਸ਼ ਭਰ ਵਿੱਚ ਮੌਜੂਦ ਸੂਬਾ ਕਾਂਗਰਸ ਕਮੇਟੀ ਦੇ ਦਫ਼ਤਰਾਂ ਵਿੱਚ ਵੀ ਵੋਟਿੰਗ ਹੋਵੇਗੀ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੇ ਮੁਖੀ ਮਧੂਸੂਦਨ ਮਿਸਤਰੀ ਦਾ ਕਹਿਣਾ ਹੈ ਕਿ ਇਹ ਚੋਣ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਗੁਪਤ ਮਤਦਾਨ ਹੋਵੇਗੀ। ਦੇਸ਼ ਭਰ ਵਿੱਚ 38 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਮਿਸਤਰੀ ਨੇ ਅੱਗੇ ਕਿਹਾ ਕਿ ਇਸ ਪੋਲ ‘ਚ ਕੌਣ ਕਿਸ ਨੂੰ ਵੋਟ ਪਾਵੇਗਾ, ਇਹ ਪਤਾ ਨਹੀਂ ਲੱਗ ਸਕਦਾ। ਇਸ ਨਾਲ ਕਿਸ ਸੂਬੇ ਤੋਂ ਕਿੰਨੀਆਂ ਵੋਟਾਂ ਮਿਲੀਆਂ, ਇਹ ਵੀ ਪਤਾ ਨਹੀਂ ਚੱਲ ਸਕੇਗਾ। ਉਨ੍ਹਾਂ ਕਿਹਾ ਕਿ ਇਹ ਤੈਅ ਕੀਤਾ ਜਾਵੇਗਾ ਕਿ ਦੋਵਾਂ ਉਮੀਦਵਾਰਾਂ ਨੂੰ ਬਰਾਬਰ ਮੌਕੇ ਮਿਲਣ।
ਗੌਰਤਲਬ ਹੈ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕਿਸਮਤ ਅਜ਼ਮਾ ਰਹੇ ਸ਼ਸ਼ੀ ਥਰੂਰ ਅਤੇ ਮੱਲਿਕਾਰਜੁਨ ਖੜਗੇ ਦੋਵਾਂ ਨੇ ਆਪਣੇ-ਆਪਣੇ ਚੋਣ ਮਨੋਰਥ ਪੱਤਰ ਜਾਰੀ ਕਰਦੇ ਹੋਏ ਕਈ ਵੱਡੇ ਐਲਾਨ ਕੀਤੇ ਹਨ।
ਮੱਲਿਕਾਰਜੁਨ ਖੜਗੇ ਦਾ ਮੈਨੀਫੈਸਟੋ
- ਜੇਕਰ ਚੋਣ ਜਿੱਤੀ ਤਾਂ ਪਾਰਟੀ ਦੇ 50 ਫੀਸਦੀ ਅਹੁਦਿਆਂ ‘ਤੇ 50 ਸਾਲ ਤੋਂ ਘੱਟ ਉਮਰ ਦੇ ਆਗੂਆਂ ਦੀ ਨਿਯੁਕਤੀ ਕੀਤੀ ਜਾਵੇਗੀ।
- ਉਦੈਪੁਰ ਐਲਾਨਨਾਮੇ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ।
- ਔਰਤਾਂ, SC, ST ਅਤੇ OBC ਨੇਤਾਵਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਵੇਗੀ।
- ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਆਗੂ ਪੰਜ ਸਾਲ ਤੋਂ ਵੱਧ ਸਮੇਂ ਤੱਕ ਇੱਕ ਅਹੁਦੇ ‘ਤੇ ਨਾ ਰਹੇ।
- ਪਾਰਟੀ ਨੂੰ 2024 ਦੀਆਂ ਚੋਣਾਂ ‘ਚ ਭਾਜਪਾ ਖਿਲਾਫ ਪੂਰੀ ਤਾਕਤ ਨਾਲ ਲੜਨ ਲਈ ਤਿਆਰ ਕੀਤਾ ਜਾਵੇਗਾ।
ਸ਼ਸ਼ੀ ਥਰੂਰ ਨੇ ਕੀਤਾ ਇਹ ਐਲਾਨ
- ਨੌਜਵਾਨ-ਔਰਤਾਂ ਅਤੇ ਪਾਰਟੀ ਵਰਕਰਾਂ ਨੂੰ ਸਸ਼ਕਤ ਕੀਤਾ ਜਾਵੇਗਾ।
- ਸੂਬਾ, ਜ਼ਿਲ੍ਹਾ ਅਤੇ ਬਲਾਕ ਸੰਗਠਨ ਦਾ ਫੈਸਲਾ ਦਿੱਲੀ ਦੀ ਉੱਚ ਲੀਡਰਸ਼ਿਪ ਦੀ ਬਜਾਏ ਸਥਾਨਕ ਪੱਧਰ ‘ਤੇ ਲਿਆ ਜਾਵੇਗਾ।
- ਮਿਹਨਤੀ ਵਰਕਰਾਂ ਨੂੰ ਵਧੇਰੇ ਜ਼ਿੰਮੇਵਾਰੀ ਅਤੇ ਸਨਮਾਨ ਦਿੱਤਾ ਜਾਵੇਗਾ।
- 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਸੰਗਠਨ ਵਿੱਚ ਅਹਿਮ ਅਹੁਦਿਆਂ ਲਈ ਟਿਕਟਾਂ, ਚੋਣਾਂ ਵਿੱਚ ਟਿਕਟਾਂ ਅਤੇ ਇੱਕ ਸੀਟ ਤੋਂ ਦੋ ਵਾਰ ਚੋਣ ਹਾਰਨ ਵਾਲਿਆਂ ਨੂੰ ਮੁੜ ਟਿਕਟ ਨਹੀਂ ਮਿਲੇਗੀ।
- ਜੇਕਰ ਉਹ ਪ੍ਰਧਾਨ ਬਣਦੇ ਹਨ ਤਾਂ ਵਰਕਰਾਂ ਨਾਲ ਸਿੱਧੇ ਸਬੰਧ ਬਣਾਏ ਰੱਖਣ ‘ਤੇ ਜ਼ੋਰ ਦਿੱਤਾ ਜਾਵੇਗਾ।