ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਦੀ ਵੋਟਿੰਗ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸਦੇ ਚੱਲਦਿਆਂ ਅੱਜ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 96 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਚੌਥੇ ਪੜਾਅ ਦੀਆਂ ਚੋਣਾਂ ‘ਚ ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25, ਤੇਲੰਗਾਨਾ ਦੀਆਂ 17, ਉੱਤਰ ਪ੍ਰਦੇਸ਼ ਦੀਆਂ 13, ਮਹਾਰਾਸ਼ਟਰ ਦੀਆਂ 11, ਪੱਛਮੀ ਬੰਗਾਲ ਦੀਆਂ 8, ਮੱਧ ਪ੍ਰਦੇਸ਼ ਦੀਆਂ 8 ਸੀਟਾਂ, ਬਿਹਾਰ ਦੇ 5 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਕਿਹੜਾ ਉਮੀਦਵਾਰ ਕਿੱਥੋਂ ਲੜ ਰਿਹਾ ਚੋਣ
ਲੋਕ ਸਭਾ ਦੀਆਂ ਚੌਥੇ ਪੜਾਅ ਦੀਆਂ ਚੋਣਾਂ ਵਿੱਚ ਇਸ ਵਾਰ ਕੇਂਦਰ ਸਰਕਾਰ ਦੇ ਮੰਤਰੀ ਗਿਰੀਰਾਜ ਸਿੰਘ ਬਿਹਾਰ ਦੀ ਬੇਗੂਸਰਾਏ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ। ਉੱਥੇ ਹੀ ਚੋਣ ਮੈਦਾਨ ਵਿੱਚ ਨਿੱਤਰ ਰਹੇ ਪ੍ਰਮੁੱਖ ਉਮੀਦਵਾਰਾਂ ਵਿੱਚੋਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ ਦੀ ਕਨੌਜ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ।
ਪੰਕਜਾ ਮੁੰਡੇ ਮਹਾਰਾਸ਼ਟਰ ਦੇ ਬੀਡ ਤੋਂ ਚੋਣ ਲੜ ਰਹੀ ਹੈ। ਨਿਤਿਆਨੰਦ ਰਾਏ ਉਜਿਆਰਪੁਰ ਤੋਂ ਚੋਣ ਲੜ ਰਹੇ ਹਨ, ਜਦਕਿ ਸੀਨੀਅਰ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਪੱਛਮੀ ਬੰਗਾਲ ਦੀ ਬਹਿਰਾਮਪੁਰ ਸੀਟ ਤੋਂ ਉਮੀਦਵਾਰ ਹਨ। AIMIM ਦੇ ਅਸਦੁਦੀਨ ਓਵੈਸੀ ਹੈਦਰਾਬਾਦ ਤੋਂ ਚੋਣ ਲੜ ਰਹੇ ਹਨ। ਆਂਧਰਾ ਪ੍ਰਦੇਸ਼ ਵਿੱਚ ਕਾਂਗਰਸ ਦੀ ਸੂਬਾ ਪ੍ਰਧਾਨ ਵਾਈ ਐਸ ਸ਼ਰਮੀਲਾ ਕਡਪਾ ਚੋਣ ਲੜ ਰਹੀ ਹੈ | ਪੱਛਮੀ ਬੰਗਾਲ ਦੇ ਕ੍ਰਿਸ਼ਨਾਨਗਰ ਤੋਂ ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਚੋਣ ਮੈਦਾਨ ਵਿੱਚ ਹੈ।
ਚੌਥੇ ਪੜਾਅ ‘ਚ 1.92 ਲੱਖ ਪੋਲਿੰਗ ਸਟੇਸ਼ਨਾਂ ‘ਤੇ 17.7 ਕਰੋੜ ਤੋਂ ਵੱਧ ਵੋਟਰ ਹਨ। ਇਨ੍ਹਾਂ ਵਿੱਚੋਂ 8.97 ਕਰੋੜ ਪੁਰਸ਼ ਅਤੇ 8.73 ਕਰੋੜ ਮਹਿਲਾ ਵੋਟਰ ਹਨ। ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਵਿੱਚ 10 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ 1717 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੋਕ ਸਵੇਰ ਤੋਂ ਹੀ ਵੋਟ ਪਾਉਣ ਲਈ ਪੋਲਿੰਗ ਸਟੇਸ਼ਨ ‘ਤੇ ਪਹੁੰਚ ਰਹੇ ਹਨ।